
ਰਤਨਾਗਿਰੀ, 27 ਅਗਸਤ, ਪੰਜਾਬੀ ਦੁਨੀਆ ਬਿਊਰੋ:
ਬੀਤੇ ਦਿਨੀਂ ਕੋਲਕਾਤਾ ਵਿੱਚ ਇੱਕ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਚੱਲ ਰਹੇ ਅੰਦੋਲਨ ਦੇ ਵਿਚਕਾਰ, ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿੱਚ ਸੋਮਵਾਰ ਰਾਤੀਂ ਇੱਕ 20 ਸਾਲਾ ਨਰਸਿੰਗ ਵਿਦਿਆਰਥਣ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਪੁਲਿਸ ਵਲੋਂ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਖਬਰਾਂ ਅਨੁਸਾਰ, ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਨਰਸਿੰਗ ਭਾਈਚਾਰੇ ਸਮੇਤ ਆਮ ਨਾਗਰਿਕਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਰਤਨਾਗਿਰੀ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਜਾਮ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੋਸ਼ੀ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ ਅਤੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਸੂਤਰਾਂ ਮੁਤਾਬਕ ਨਰਸਿੰਗ ਦੀ ਵਿਦਿਆਰਥਣ ਆਟੋ-ਰਿਕਸ਼ਾ ਰਾਹੀਂ ਕਾਲਜ ਤੋਂ ਵਾਪਸ ਆ ਰਹੀ ਸੀ, ਜਦੋਂ ਡਰਾਈਵਰ ਨੇ ਉਸ ਨੂੰ ਪਾਣੀ ਵਿਚ ਕੋਈ ਨਸ਼ੀਲੀ ਚੀਜ਼ ਪਿਲਾਈ, ਜਿਸ ਨਾਲ ਲੜਕੀ ਹੋਸ਼ ਗੁਆ ਬੈਠੀ। ਇਸ ਤੋਂ ਬਾਅਦ ਰਿਕਸ਼ਾ ਚਾਲਕ ਉਸ ਨੂੰ ਕਿਸੇ ਸੁੰਨਸਾਨ ਜਗ੍ਹਾ ‘ਤੇ ਲੈ ਗਿਆ ਅਤੇ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਕੀਤਾ।
ਹੋਸ਼ ਆਉਣ ਤੋਂ ਬਾਅਦ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸੂਚਿਤ ਕੀਤਾ। ਲੜਕੀ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਪਛਾਣ ਕਰਨ ਲਈ ਸੀਸੀਟੀਵੀ ਸਕੈਨ ਕਰ ਰਹੀ ਹੈ।