
ਸਥਾਪਨਾ ਦਿਵਸ 26 ਜਨਵਰੀ ਨੂੰ ਮਨਾਉਣ ਦਾ ਵੀ ਫੈਸਲਾ
ਚੰਡੀਗੜ੍ਹ, 22 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਟ੍ਰਾਈਸਿਟੀ ਫੋਟੋ ਆਰਟ ਸੋਸਾਇਟੀ (ਤਪਸ) ਦੀ ਸਾਲਾਨਾ ਚੋਣ ਐਤਵਾਰ ਨੂੰ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਅਤੇ ਜਸਬੀਰ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਨਵੀਂ ਕਾਰਜਕਾਰਨੀ ਦੇ ਸਰਬਸੰਮਤੀ ਨਾਲ ਚੁਣੇ ਗਏ ਮੈਂਬਰਾਂ ਵਿੱਚ ਪ੍ਰਧਾਨ ਜਸਬੀਰ ਸਿੰਘ, ਮੀਤ ਪ੍ਰਧਾਨ- ਪੱਲਵੀ ਪਿੰਜੇ, ਜਨਰਲ ਸਕੱਤਰ- ਸੰਜੀਵ ਨਿਝਾਵਨ, ਪ੍ਰੈੱਸ ਸਕੱਤਰ- ਹੇਮੰਤ ਚੌਹਾਨ, ਖਜ਼ਾਨਚੀ- ਬੀ ਕੇ ਜੋਸ਼ੀ, ਸੰਯੁਕਤ ਸਕੱਤਰ- ਰਵੀ ਅਰੋੜਾ ਅਤੇ ਅਨੁਜ ਜੈਨ ਕਾਰਜਕਾਰਨੀ ਮੈਂਬਰ ਚੁਣਿਆ ਗਿਆ। ਇਸ ਤੋਂ ਇਲਾਵਾ ਸੰਸਥਾ ਵੱਲੋਂ ਇਲਾਕੇ ਦੇ ਨਾਮਵਰ ਫੋਟੋਗ੍ਰਾਫਰ ਦੀਪ ਭਾਟੀਆ ਨੂੰ ਤਪਸ ਦਾ ਸਲਾਹਕਾਰ ਨਾਮਜ਼ਦ ਕੀਤਾ ਗਿਆ ਹੈ ਜਦੋਂਕਿ ਪ੍ਰਸਿੱਧ ਟਰੈਵਲਰ ਫੋਟੋਗ੍ਰਾਫਰ ਵਿਨੋਦ ਚੌਹਾਨ ਨੂੰ ਪੈਟਰਨ ਬਣਾਇਆ ਗਿਆ ਹੈ।
ਤਪਸ ਵੱਲੋਂ ਆਯੋਜਿਤ ਇਸ ਸਾਲਾਨਾ ਮੀਟਿੰਗ ਵਿੱਚ 2023-24 ਵਿੱਚ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਅੰਤਰਰਾਸ਼ਟਰੀ ਫੋਟੋਗ੍ਰਾਫੀ ਦਿਵਸ ਮਨਾਉਣ ਅਤੇ ਮੈਂਬਰਾਂ ਦੀ ਸਾਲਾਨਾ ਫੋਟੋ ਪ੍ਰਦਰਸ਼ਨੀ ‘ਦ੍ਰਿਸ਼ਟੀ’ ਦਾ ਆਯੋਜਨ ਕਰਨ ਬਾਰੇ ਚਰਚਾ ਕੀਤੀ ਗਈ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਇਲਾਕੇ ਵਿੱਚ ਫੋਟੋਗ੍ਰਾਫੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਕਿ ਫੋਟੋਵਾਕ, ਸ਼ੈਡੋ ਵਰਕਸ਼ਾਪ ਅਤੇ ਫੋਟੋਗ੍ਰਾਫੀ ਟੂਰ ਆਦਿ ਦਾ ਆਯੋਜਨ ਕੀਤਾ ਜਾਵੇਗਾ।
ਤਪਸ ਦੇ ਪ੍ਰੈੱਸ ਸਕੱਤਰ ਹੇਮੰਤ ਚੌਹਾਨ ਨੇ ਦੱਸਿਆ ਕਿ ਸੰਸਥਾ ਪਿਛਲੇ ਨੌਂ ਸਾਲਾਂ ਤੋਂ ਇਸ ਖੇਤਰ ਵਿੱਚ ਫੋਟੋਗ੍ਰਾਫੀ ਦੀ ਕਲਾ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸੰਸਥਾ ਨੇ ਹੁਣ ਤੱਕ ਚੰਡੀਗੜ੍ਹ ਵਿੱਚ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ ਅਤੇ ਫੋਟੋਗ੍ਰਾਫੀ ਮੁਕਾਬਲੇ ਸਫਲਤਾਪੂਰਵਕ ਆਯੋਜਿਤ ਕੀਤੇ ਹਨ, ਜਿਨ੍ਹਾਂ ਦੇ ਜੱਜਾਂ ਵਿੱਚ ਕਈ ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਸ਼ਾਮਲ ਹਨ।
ਜਨਰਲ ਬਾਡੀ ਦੀ ਮੀਟਿੰਗ ਵਿੱਚ ਤਪਸ ਦਾ ਸਥਾਪਨਾ ਦਿਵਸ 26 ਜਨਵਰੀ ਨੂੰ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।