ਭਵਾਨੀਗੜ੍ਹ, 30 ਜੂਨ, ਪੰਜਾਬੀ ਦੁਨੀਆ ਬਿਊਰੋ :
ਭਵਾਨੀਗੜ੍ਹ ਨੇੜੇ ਬੀਤੀ ਸ਼ਾਮ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਲੋਟ ਦੇ ਬਿਜਨਸਮੈਨ ਸੇਤੀਆ ਢਾਬਾ ਅਤੇ ਸੇਤੀਆ ਡੇਅਰੀ ਦੇ ਸੰਚਾਲਕ ਗੱਗੂ ਸੇਤੀਆ ਦੇ ਇਕਲੌਤੇ ਨੌਜਵਾਨ ਸਪੁੱਤਰ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਦਾ ਸਮਾਚਾਰ ਮਿਲਦਿਆਂ ਹੀ ਮਲੋਟ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸੇਤੀਆ ਹੋਟਲ ਅਤੇ ਸੇਤੀਆ ਡੇਅਰੀ ਮਲੋਟ ਦੇ ਸੰਚਾਲਕ ਗੱਗੂ ਸੇਤੀਆ ਦਾ 19 ਸਾਲਾਂ ਨੌਜਵਾਨ ਸਪੁੱਤਰ ਅਤੁਲ ਸੇਤੀਆ ਆਪਣੇ ਦੋਸਤਾਂ ਗੁਰਮਨ, ਵਿਕਰਮ ਗੋਦਾਰਾ, ਸੁਖਮਨ ਅਤੇ ਮਨਜੀਤ ਗੋਦਾਰਾ ਨਾਲ ਸਕਾਰਪੀਓ ਤੇ ਮਲੋਟ ਤੋ ਚੰਡੀਗੜ੍ਹ ਜਾ ਰਿਹਾ ਸੀ ਅਤੇ ਸ਼ਾਮ 5:36 ਵਜੇ ਦੇ ਕਰੀਬ ਭਵਾਨੀਗੜ੍ਹ ਨੇੜੇ ਇਕ ਟ੍ਰੈਕਟਰ ਟਰਾਲੀ ਨੂੰ ਓਵਰਟੇਕ ਕਰਨ ਸਮੇਂ ਇਹ ਹਾਦਸਾ ਵਾਪਰ ਗਿਆ।
ਦੱਸਿਆ ਜਾ ਰਿਹਾ ਕਿ ਪਿਛਲੀ ਸੀਟ ‘ਤੇ ਬੈਠੇ ਅਤੁਲ ਸੇਤੀਆ ਸਕਾਰਪੀਓ ਦੀ ਪਿਛਲੀ ਬਾਰੀ ਦੇ ਟੁੱਟ ਜਾਣ ਨਾਲ ਬਾਹਰ ਡਿੱਗ ਪਿਆ ਅਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ ਉਸਦੇ ਸਾਥੀ ਵਿਕਰਮ ਅਤੇ ਮਨਜੀਤ ਗੋਦਾਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜੋ ਕਿ ਹਸਪਤਾਲ ਵਿਚ ਜੇਰੇ ਇਲਾਜ ਹਨ।