Breaking News
Dashmesh GS Electricals Verka Smart Media Insurance Point Tav Prasad

T20 WC S8 : ਟੀਮ ਇੰਡੀਆ ਨੇ ਸੈਮੀਫਾਈਨਲ ‘ਚ ਕੀਤੀ ਥਾਂ ਪੱਕੀ, ਬੰਗਲਾਦੇਸ਼ ਨੂੰ 50 ਦੌੜਾਂ ਨਾਲ ਹਰਾਇਆ

ਹਾਰਦਿਕ ਪਾਂਡਿਆ ਦੇ ਅਰਧ ਸੈਂਕੜੇ ਤੇ ਕੁਲਦੀਪ ਯਾਦਵ ਦੀਆਂ 3 ਵਿਕਟਾਂ ਨੇ ਦਿਵਾਈ ਜਿੱਤ

ਚੰਡੀਗੜ੍ਹ, 23 ਜੂਨ, ਪੰਜਾਬੀ ਦੁਨੀਆ ਬਿਊਰੋ :

ਸੁਪਰ 8 ਦੇ ਇਕ ਅਹਿਮ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਬੰਗਲਾਦੇਸ਼ ਦੀ ਟੀਮ ਨੂੰ 50 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈੀਨ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਵਧੀਆ ਖੇਡ ਦਾ ਮੁਜ਼ਾਹਰਾ ਕਰਨ ਦੀ ਬਦੌਲਤ ਹਾਰਦਿਕ ਪਾਂਡਿਆ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ। 

ਇਥੇ ਸਰ ਵਿਵੀਅਨ ਰਿਚਰਡਸ ਸਟੇਡੀਅਮ, ਨਾਰਥ ਸਾਉਂਡ, ਐਂਟੀਗੁਆ ਵਿਖੇ ਖੇਡੇ ਗਏ ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 20 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ਉਤੇ 196 ਦੌੜਾਂ ਬਣਾਈਆਂ, ਜਿਸ ਵਿਚ ਹਾਰਦਿਕ ਪਾਂਡਿਆ ਦਾ ਅਰਥ ਸੈਂਕੜਾ ਸ਼ਾਮਲ ਹੈ। ਭਾਰਤੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਚੰਗੀ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 39 ਦੌੜਾਂ ਜੋੜੀਆਂ, ਪਰ ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ ਹੋ ਗਏ। ਕੋਹਲੀ ਅੱਜ ਚੰਗੀ ਫਾਰਮ ਵਿਚ ਦਿਖਾਈ ਦਿੱਤੇ ਅਤੇ ਉਹਨਾਂ ਰਿਸ਼ਵ ਪੰਤ ਨਾਲ ਮਿਲ ਕੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 32 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ, ਕਿ ਕੋਹਲੀ 37 ਦੇ ਨਿੱਜੀ ਸਕੋਰ ਉਤੇ ਆਊਟ ਹੋ ਗਏ। ਉਪਰੰਤ ਸੂਰਿਆ ਕੁਮਾਰ ਵੀ 7 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਸਮੇਂ ਭਾਰਤ ਦਾ ਸਕੋਰ 3 ਵਿਕਟਾਂ ਉਤੇ 77 ਦੌੜਾਂ ਸੀ। ਇਸ ਤਰ੍ਹਾਂ ਰਿਸ਼ਵ ਪੰਤ ਵੀ 24 ਗੇਂਦਾਂ ਉਤੇ 36 ਦੌੜਾਂ ਬਣਾ ਕੇ ਕੁੱਲ 108 ਦੌੜਾਂ ਉਤੇ ਆਊਟ ਹੋਏ। ਅਖ਼ੀਰ ਵਿਚ ਹਾਰਦਿਕ ਤੇ ਸ਼ਿਵਮ ਦੂਬੇ ਨੇ ਧੂੰਆਂਧਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਭਾਰਤੀ ਸਕੋਰ ਨੂੰ 196 ਉਤੇ ਪਹੁੰਚਾ ਦਿੱਤਾ, ਜਿਸ ਵਿਚ ਪਾਂਡਿਆ ਦੀਆਂ 27 ਗੇਂਦਾਂ ਵਿਚ 50 ਦੌੜਾਂ ਅਤੇ ਦੂਬੇ ਦੀਆਂ 24 ਗੇਂਦਾਂ ਵਿਚ 34 ਦੌੜਾਂ ਸ਼ਾਮਲ ਹਨ। 

ਭਾਰਤੀ ਟੀਮ ਵਲੋਂ ਮਿੱਥੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ ਨੇ ਵਧੀਆ ਸ਼ੁਰੂਆਤ ਕੀਤੀ ਅਤੇ ਪਹਿਲੀ ਵਿਕਟ ਲਈ 35 ਦੌੜਾਂ ਜੋੜੀਆਂ ਅਤੇ ਲਿਟਨ ਦਾਸ (13) ਨੂੰ ਪਾਂਡਿਆ ਨੇ ਆਊਟ ਕੀਤਾ। ਉਪਰੰਤ 10ਵੇਂ ਓਵਰਾਂ ਵਿਚ ਕੁਲਦੀਪ ਯਾਦਵ ਨੇ ਤਾਂਜੀਨ ਹਸਨ (29) ਨੂੰ ਚਲਦਾ ਕੀਤਾ। ਉਹਨਾਂ ਤੋਂ ਬਾਅਦ ਹਰੀਦੁਆਏ (4) ਅਤੇ ਸਕੀਬੁੱਲ ਹਸਨ (11) ਨੂੰ ਕੁਲਦੀਪ ਨੇ ਜਲਦੀ ਜਲਦੀ ਆਊਟ ਕਰ ਦਿੱਤਾ। ਬੰਗਲਾਦੇਸ਼ ਵੱਲੋਂ ਨਜ਼ਮੁੱਲ ਸ਼ਾਂਤੋ ਨੇ ਬਿਹਤਰੀਨ ਬੱਲੇਬਾਜ਼ੀ ਕਰਦਿਆਂ 40 ਦੌੜਾਂ ਬਣਾਈਆਂ ਅਤੇ ਉਸ ਨੂੰ ਬੁਮਰਾ ਨੇ 15.3 ਓਵਰ ਵਿਚ ਕੁੱਲ 109/5 ਦੌੜਾਂ ਉਤੇ ਆਊਟ ਕਰ ਦਿੱਤਾ ਅਤੇ ਬੰਗਲਾਦੇਸ਼ੀ ਟੀਮ ਦਬਾਅ ਵਿਚ ਆ ਗਈ। ਉਪਰੰਤ ਰਿਸਾਬ ਹੁਸੈਨ ਹੀ 24 ਦੌੜਾਂ ਬਣਾ ਸਕੇ ਤੇ ਉਸਦਾ ਵਿਕਟ ਵੀ ਜਸਪ੍ਰੀਤ ਬੁਮਰਾ ਨੇ ਲੈ ਕੇ ਭਾਰਤ ਨੂੰ ਇਤਿਹਾਸਕ ਜਿੱਤ ਦਿਵਾ ਦਿੱਤੀ। ਬਾਕੀ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ ਮਹਿਜ਼ 146 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਸੁਪਰ 8 ਵਿਚ ਮਹੱਤਵਪੂਰਨ 2 ਅੰਕ ਹਾਸਲ ਕਰ ਲਏ ਹਨ ਅਤੇ ਉਸਦੇ ਹੁਣ ਦੋ ਜਿੱਤਾਂ ਨਾਲ ਕੁੱਲ 4 ਅੰਕ ਹੋ ਗਏ ਹਨ ਅਤੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। 

ਦੱਸਣਯੋਗ ਹੈ ਕਿ ਭਾਰਤ ਵੱਲੋਂ ਕੁਲਦੀਪ ਯਾਦਵ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 4 ਓਵਰਾਂ ਵਿਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾ ਨੇ 13 ਦੌੜਾਂ ਦੇ ਕੇ 2 ਵਿਕਟਾਂ ਅਤੇ ਅਰਸ਼ਦੀਪ ਸਿੰਘ ਨੇ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।  

Leave a Reply

Your email address will not be published. Required fields are marked *