ਨਿਊਯਾਰਕ, 10 ਜੂਨ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਉਚ ਦਰਜੇ ਦੀ ਗੇਂਦਬਾਜ਼ੀ ਅਤੇ ਰਿਸ਼ਵ ਪੰਤ ਦੀ ਮੈਚ ਜੇਤੂ ਪਾਰੀ ਸਦਕਾ ਭਾਰਤ ਨੇ ਨਿਊਯਾਰਕ ਦੇ ਨਸਾਓ ਕਾਉਂਟੀ ਸਟੇਡੀਅਮ ਵਿੱਚ ਆਈਸੀਸੀ ਟੀ-20 ਵਿਸ਼ਵ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ।
ਇਸ ਰੋਮਾਂਚਕ ਜਿੱਤ ਤੋਂ ਬਾਅਦ ਭਾਰਤ ਦੋ ਮੈਚਾਂ ਵਿੱਚ ਦੋ ਜਿੱਤਾਂ ਅਤੇ ਚਾਰ ਅੰਕਾਂ ਨਾਲ ਗਰੁੱਪ-ਏ ਵਿੱਚ ਸਿਖਰ ’ਤੇ ਹੈ। ਪਾਕਿਸਤਾਨ ਚੌਥੇ ਸਥਾਨ ‘ਤੇ ਹੈ, ਜੋ ਅਮਰੀਕਾ ਅਤੇ ਭਾਰਤ ਤੋਂ ਆਪਣੀਆਂ ਦੋਵੇਂ ਮੈਚ ਹਾਰ ਚੁੱਕਾ ਹੈ।
ਭਾਰਤ ਵਲੋਂ ਮਿੱਥੇ 120 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੇ ਕੀਪਰ ਮੁਹੰਮਦ ਰਿਜ਼ਵਾਨ ਨੇ ਵਧੀਆ ਸ਼ੁਰੂਆਤ ਕੀਤੀ। ਉਪਰੰਤ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 10 ਗੇਂਦਾਂ ਵਿੱਚ 13 ਦੌੜਾਂ ਦੇ ਕੇ ਬਾਬਰ ਦੀ ਕੀਮਤੀ ਵਿਕਟ ਹਾਸਲ ਕੀਤੀ, ਸੂਰਿਆ ਕੁਮਾਰ ਯਾਦਵ ਨੇ ਸਲਿੱਪ ਵਿੱਚ ਇੱਕ ਵਧੀਆ ਕੈਚ ਲਿਆ।
ਪਾਵਰਪਲੇ ਦੇ ਛੇ ਓਵਰਾਂ ਦੇ ਅੰਤ ਵਿੱਚ, ਪਾਕਿਸਤਾਨ ਦਾ ਸਕੋਰ 35/1 ਸੀ, ਮੁਹੰਮਦ ਰਿਜ਼ਵਾਨ ਅਤੇ ਉਸਮਾਨ ਖਾਨ ਅਜੇਤੂ ਸਨ। ਪਾਕਿਸਤਾਨ ਲਈ ਵੀ ਵਿਕਟ ‘ਤੇ ਖੇਡਣਾ ਮੁਸ਼ਕਲ ਹੋ ਰਿਹਾ ਸੀ, ਹਾਲਾਂਕਿ ਉਨ੍ਹਾਂ ਆਪਣਾ ਸੰਜਮ ਬਣਾਈ ਰੱਖਿਆ ਅਤੇ ਕੋਈ ਵਿਕਟ ਨਹੀਂ ਗੁਆਈ। ਪਾਕਿਸਤਾਨ ਨੇ 8.5 ਓਵਰਾਂ ਵਿੱਚ 50 ਦੌੜਾਂ ਦਾ ਅੰਕੜਾ ਪਾਰ ਕਰ ਲਿਆ। 10 ਓਵਰਾਂ ਦੇ ਅੰਤ ਤੱਕ ਪਾਕਿਸਤਾਨ ਦਾ ਸਕੋਰ 57/1 ਸੀ, ਰਿਜ਼ਵਾਨ ਅਤੇ ਉਸਮਾਨ ਨਾਬਾਦ ਸਨ।
11ਵੇਂ ਓਵਰ ਦੀ ਸ਼ੁਰੂਆਤ ‘ਚ ਹੀ ਅਕਸ਼ਰ ਪਟੇਲ ਨੇ ਉਸਮਾਨ ਨੂੰ 15 ਗੇਂਦਾਂ ‘ਚ ਸਿਰਫ ਇਕ ਚੌਕੇ ਦੀ ਮਦਦ ਨਾਲ 13 ਦੌੜਾਂ ‘ਤੇ ਆਊਟ ਕੀਤਾ। ਪਾਕਿਸਤਾਨ 10.1 ਓਵਰਾਂ ਵਿੱਚ 57/2 ਸੀ। ਫਖਰ ਜ਼ਮਾਨ ਕ੍ਰੀਜ਼ ‘ਤੇ ਸਨ। ਉਸ ਨੇ ਤੁਰੰਤ ਚੌਕੇ ਅਤੇ ਛੱਕੇ ਨਾਲ ਭਾਰਤ ਨੂੰ ਦਬਾਅ ਵਿੱਚ ਲਿਆ ਦਿੱਤਾ, ਪਰ ਰਿਸ਼ਵ ਪੰਤ ਦੇ ਵਧੀਆ ਕੈਚ ਸਦਕਾ ਉਹ 13 ਦੌੜਾਂ ਬਣਾ ਕੇ ਆਊਟ ਹੋ ਗਿਆ। ਹਾਰਦਿਕ ਪਾਂਡਿਆ ਨੇ ਉਸ ਦੀ ਵਿਕਟ ਹਾਸਲ ਕੀਤੀ। ਬੁਮਰਾਹ ਦੇ 15ਵੇਂ ਓਵਰ ਵਿੱਚ ਰਿਜ਼ਵਾਨ ਨੂੰ ਬੋਲਡ ਕਰਕੇ ਭਾਰਤੀ ਟੀਮ ਦਾ ਮੈਚ ‘ਤੇ ਪਲੜਾ ਭਾਰੂ ਕਰ ਦਿੱਤਾ। ਉਸ ਨੇ 44 ਗੇਂਦਾਂ ਵਿੱਚ ਇੱਕ ਚੌਕੇ ਅਤੇ ਛੱਕੇ ਦੀ ਮੱਦਦ ਨਾਲ 31 ਦੌੜਾਂ ਬਣਾਈਆਂ। ਪਾਕਿਸਤਾਨ ਦਾ ਸਕੋਰ 14.1 ਓਵਰਾਂ ਵਿੱਚ 80/4 ਸੀ। ਉਨ੍ਹਾਂ ਨੂੰ ਆਖਰੀ ਪੰਜ ਓਵਰਾਂ ਵਿੱਚ ਜਿੱਤ ਲਈ 37 ਦੌੜਾਂ ਦੀ ਲੋੜ ਸੀ। ਇਸ ਦੌਰਾਨ ਪਾਕਿਸਤਾਨ ਉਤੇ ਲਗਾਤਾਰ ਦਾ ਦਬਾਅ ਵਧਦਾ ਗਿਆ, ਜਿਸ ਕਾਰਨ ਸ਼ਾਦਾਬ (4) ਪਾਂਡਿਆ ਦੀ ਗੇਂਦ ‘ਤੇ ਪੰਤ ਨੂੰ ਕੈਚ ਦੇ ਬੈਠੇ। ਉਸ ਸਮੇਂ ਪਾਕਿਸਤਾਨ ਦਾ ਸਕੋਰ 16.3 ਓਵਰਾਂ ਵਿੱਚ 88/5 ਸੀ। ਆਖਰ ਪਾਕਿਸਤਾਨ ਨੇ 18.1 ਓਵਰਾਂ ਵਿੱਚ 100 ਦੌੜਾਂ ਦਾ ਅੰਕੜਾ ਪੂਰਾ ਕਰ ਲਿਆ।
ਬੁਮਰਾਹ ਨੇ ਜਿਥੇ 19ਵੇਂ ਓਵਰ ‘ਚ ਆਪਣੀ ਰਫਤਾਰ ਅਤੇ ਘਾਤਕ ਗੇਂਦਬਾਜ਼ੀ ਨਾਲ ਨਾ ਸਿਰਫ ਪਾਕਿਸਤਾਨੀ ਦੌੜਾਂ ਦੀ ਗਤੀ ਨੂੰ ਰੋਕਿਆ, ਉਥੇ ਹੀ ਇਫਤਿਖਾਰ ਅਹਿਮਦ ਨੂੰ ਪੰਜ ਦੌੜਾਂ ‘ਤੇ ਆਊਟ ਕਰ ਦਿੱਤਾ। ਅਰਸ਼ਦੀਪ ਨੇ ਡੀਪ ਸਕਵਾਇਰ ਲੇਗ ਦੇ ਕੋਲ ਵਧੀਆ ਕੈਚ ਲਿਆ। ਪਾਕਿਸਤਾਨ ਨੇ 19 ਓਵਰਾਂ ਵਿੱਚ 102/6 ਦੌੜਾਂ ਬਣਾ ਲਈਆਂ ਸਨ, ਆਖਰੀ ਓਵਰ ਵਿੱਚ 18 ਦੌੜਾਂ ਦੀ ਲੋੜ ਸੀ।
ਕਪਤਾਨ ਰੋਹਿਤ ਸ਼ਰਮਾ ਨੇ ਅਰਸ਼ਦੀਪ ਨੂੰ ਆਖਰੀ ਓਵਰ ਕਰਨ ਲਈ ਬੁਲਾਇਆ ਅਤੇ ਇਮਾਦ 23 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 15 ਦੌੜਾਂ ‘ਤੇ ਆਊਟ ਹੋ ਗਿਆ। ਅਖੀਰ ਪਾਕਿਸਤਾਨ ਦੀ ਪਾਰੀ 113/7 ‘ਤੇ ਸਮਾਪਤ ਹੋ ਗਈ, ਨਸੀਮ ਅਤੇ ਸ਼ਾਹੀਨ ਸ਼ਾਹ ਅਫਰੀਦੀ ਅਜੇਤੂ ਰਹੇ।
ਭਾਰਤ ਵਲੋਂ ਬੁਮਰਾਹ ਨੇ ਚਾਰ ਓਵਰਾਂ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਪਾਂਡਿਆ ਨੇ ਵੀ ਆਪਣੇ ਸਪੈੱਲ ਵਿੱਚ 24 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਅਕਸ਼ਰ ਅਤੇ ਅਰਸ਼ਦੀਪ ਨੂੰ ਇਕ-ਇਕ ਵਿਕਟ ਮਿਲੀ।
ਇਸ ਤੋਂ ਪਹਿਲਾਂ, ਨਸੀਮ ਸ਼ਾਹ ਅਤੇ ਹੈਰਿਸ ਰਾਊਫ ਦੀਆਂ ਤਿੰਨ ਵਿਕਟਾਂ ਦੀ ਮਦਦ ਨਾਲ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦੇ ਹਾਈ-ਵੋਲਟੇਜ ਮੈਚ ਵਿੱਚ ਭਾਰਤ ਨੂੰ 119 ਦੌੜਾਂ ‘ਤੇ ਰੋਕ ਦਿੱਤਾ।
ਟਾਸ ਜਿੱਤਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਸ਼ੁਰੂਆਤ ਕੀਤੀ ਅਤੇ ਰੋਹਿਤ ਨੇ ਪਹਿਲੇ ਓਵਰ ਵਿੱਚ ਹੀ ਅਫਰੀਦੀ ਨੂੰ ਡੀਪ ਸਕਵੇਅਰ ਲੈੱਗ ਉੱਤੇ ਛੱਕਾ ਜੜਿਆ। ਭਾਰਤ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਕਿਉਂਕਿ ਉਸ ਨੇ ਸਕੋਰ ਬੋਰਡ ‘ਤੇ 8/0 ਦੇ ਨਾਲ ਪਹਿਲੇ ਓਵਰ ਦਾ ਅੰਤ ਕੀਤਾ। ਨਸੀਮ ਸ਼ਾਹ ਨੇ ਦੂਜੇ ਓਵਰ ਦੀ ਤੀਜੀ ਗੇਂਦ ‘ਤੇ ਕੋਹਲੀ ਨੂੰ ਚਾਰ ਦੌੜਾਂ ‘ਤੇ ਆਊਟ ਕਰਨ ਤੋਂ ਬਾਅਦ ਕੋਹਲੀ ਦੀ ਜਗ੍ਹਾ ਰਿਸ਼ਵ ਪੰਤ ਕ੍ਰੀਜ਼ ‘ਤੇ ਆਏ। ਤੀਜੇ ਓਵਰ ਵਿੱਚ ਅਫਰੀਦੀ ਨੇ ਕਪਤਾਨ ਰੋਹਿਤ ਸ਼ਰਮਾ ਨੂੰ 13 ਦੌੜਾਂ ‘ਤੇ ਆਊਟ ਕਰ ਦਿੱਤਾ।ਰੋਹਿਤ ਦੀ ਜਗ੍ਹਾ ਅਕਸ਼ਰ ਪਟੇਲ ਕ੍ਰੀਜ਼ ‘ਤੇ ਆਏ। ਰਿਸ਼ਵ ਪੰਤ ਅਤੇ ਅਕਸ਼ਰ ਦੀ ਜੋੜੀ ਨੂੰ ਆਮਿਰ ਦੇ ਖਿਲਾਫ ਦੌੜਾਂ ਬਣਾਉਣਾ ਔਖਾ ਲੱਗਿਆ। ਆਮਿਰ ਨੇ ਪਾਵਰਪਲੇ ਦੇ ਆਖਰੀ ਓਵਰ ਵਿੱਚ 12 ਦੌੜਾਂ ਦਿੱਤੀਆਂ। ਨਸੀਮ ਸ਼ਾਹ ਨੇ ਅੱਠਵੇਂ ਓਵਰ ਦੀ ਚੌਥੀ ਗੇਂਦ ‘ਤੇ 20 ਦੌੜਾਂ ਦੇ ਕੇ ਅਕਸ਼ਰ ਪਟੇਲ ਨੂੰ ਆਊਟ ਕਰਨ ਤੋਂ ਬਾਅਦ ਆਪਣਾ ਦੂਜਾ ਵਿਕਟ ਹਾਸਲ ਕੀਤਾ। ਪਾਕਿਸਤਾਨੀ ਗੇਂਦਬਾਜ਼ ਅਕਸ਼ਰ ਅਤੇ ਪੰਤ ਦੀ 39 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਨ ‘ਚ ਸਫਲ ਰਹੇ। ਉਪਰੰਤ ਜਡੇਜਾ, ਪਾਂਡਿਆ ਅਤੇ ਬੁਮਰਾਹ ਕੁਝ ਖਾਸ ਨਾ ਕਰ ਸਕੇ। ਅੰਤ ਭਾਰਤੀ ਟੀਮ 119 ਦੌੜਾਂ ਬਣਾ ਕੇ ਆਊਟ ਹੋ ਗਈ।