
ਫਤਿਹਗੜ੍ਹ ਸਾਹਿਬ, 2 ਜੂਨ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਵਿੱਚ ਸਰਹਿੰਦ ਦੇ ਮਾਧੋਪੁਰ ਨੇੜੇ ਦੋ ਰੇਲਵੇ ਮਾਲ ਗੱਡੀਆਂ ਦੀ ਸਵੇਰੇ 4 ਵਜੇ ਦੇ ਕਰੀਬ ਆਪਸ ਵਿੱਚ ਟੱਕਰ ਹੋ ਗਈ। ਹਾਦਸੇ ਵਿੱਚ ਟਰੇਨ ਦੇ ਦੋਵੇਂ ਡਰਾਈਵਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਜਿੰਦਰ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਜਿਸ ਕਾਰਨ ਸਵੇਰੇ 4 ਵਜੇ ਦੇ ਕਰੀਬ ਅੰਬਾਲਾ ਤੋਂ ਲੁਧਿਆਣਾ ਅੱਪ ਲਾਈਨ ਜਾਮ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਰੇਲਗੱਡਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇੱਕ ਟਰੇਨ ਪਟੜੀ ਤੋਂ ਉਤਰ ਗਈ। ਟੱਕਰ ਹੁੰਦੇ ਹੀ ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟਰੇਨ ਸਮਰ ਸਪੈਸ਼ਲ (04681) ਵਿਚ ਫਸ ਗਿਆ। ਇਸ ਕਾਰਨ ਟਰੇਨ ਨੂੰ ਵੀ ਕੁਝ ਨੁਕਸਾਨ ਹੋਇਆ ਹੈ। ਰਾਹਤ ਦੀ ਗੱਲ ਇਹ ਹੈ ਕਿ ਯਾਤਰੀ ਟਰੇਨ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਰੇਲਵੇ ਕਰਮਚਾਰੀਆਂ ਨੇ ਖਿੜਕੀ ਦੇ ਸ਼ੀਸ਼ੇ ਤੋੜ ਕੇ ਇੰਜਣ ਵਿੱਚ ਫਸੇ ਡਰਾਈਵਰਾਂ ਨੂੰ ਬਾਹਰ ਕੱਢਿਆ। ਰੇਲਵੇ ਅਧਿਕਾਰੀਆਂ ਮੁਤਾਬਕ ਇਸ ਹਾਦਸੇ ‘ਚ ਯਾਤਰੀ ਟਰੇਨ ਨੂੰ ਕੁਝ ਨੁਕਸਾਨ ਹੋਇਆ ਹੈ। ਇਸ ਵਿੱਚ ਇੱਕ ਹੋਰ ਇੰਜਣ ਲਗਾ ਕੇ ਰੇਲ ਗੱਡੀ ਨੂੰ ਰਾਜਪੁਰਾ ਵੱਲ ਰਵਾਨਾ ਕਰ ਦਿੱਤਾ ਗਿਆ ਹੈ।