
ਕਾਂਗਰਸ ਪਾਰਟੀ, ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ: ਦਲਵਿੰਦਰ ਸੈਣੀ
ਵਾਰਡ ਵਾਸੀਆਂ ਨੇ ਭੰਗੜੇ ਪਾ ਕੇ ਮਨਾਇਆ ਜਸ਼ਨ
ਚੰਡੀਗੜ੍ਹ, 28 ਨਵੰਬਰ, ਮਨਜੀਤ ਸਿੰਘ ਚਾਨਾ :
ਅੱਜ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ 30 ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਾਰਡ ਨੰ: 27 ਤੋਂ ਕਾਂਗਰਸ ਦੇ ਨਿਧੱੜਕ, ਸਮਾਜ ਸੇਵੀ, ਸਾਹਸੀ ਅਤੇ ਪਾਰਟੀ ਨਾਲ ਮੁੱਢ ਤੋਂ ਜੁੜੇ ਹੋਏ ਵਰਕਰ ਸ. ਦਲਵਿੰਦਰ ਸਿੰਘ ਸੈਣੀ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਸ. ਸੈਣੀ ਦੇ ਨਾਮ ਦੇ ਐਲਾਨ ਨਾਲ ਵਾਰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਅੱਜ ਟਿਕਟ ਐਲਾਨ ਤੋਂ ਬਾਅਦ, ਦੁਪਹਿਰ ਸੈਕਟਰ 40ਡੀ ਦੀ ਮਾਰਕੀਟ ਵਿਚ ਪਹੁੰਚਣ ਉਤੇ ਵਾਰਡ ਵਾਸੀਆਂ ਨੇ ਸ. ਦਲਵਿੰਦਰ ਸਿੰਘ ਸੈਣੀ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਹਾਜ਼ਰ ਵਾਰਡ ਵਾਸੀਆਂ ਤੇ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਵਾਰਡ ਵਾਸੀਆਂ ਵਿਚ ਜੋਸ਼ ਦੇਖਣ ਵਾਲਾ ਸੀ। ਸ. ਸੈਣੀ ਦੇ ਸਮੂਹ ਸਮਰਥਕਾਂ ਅਤੇ ਵਾਰਡ ਵਾਸੀਆਂ ਵੱਲੋਂ ਉਹਨਾਂ ਦੀ ਪੱਕੀ ਜਿੱਤ ਲਈ ਕਾਂਗਰਸ ਪਾਰਟੀ ਦੇ ਹੱਕ ਵਿਚ ਨਾਅਰੇ ਲਗਾਏ ਅਤੇ ਕਾਂਗਰਸ ਹਾਈਕਮਾਂਡ ਦਾ ਸ. ਸੈਣੀ ਨੂੰ ਵਾਰਡ ਦਾ ਉਮੀਦਵਾਰ ਐਲਾਨਣ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਮਰਥਕਾਂ ਵੱਲੋਂ ਇਕ ਭਰਵੇਂ ਚੋਣ ਜਲੂਸ ਦੇ ਰੂਪ ਵਿਚ ਸ. ਦਲਵਿੰਦਰ ਸੈਣੀ ਨੂੰ ਢੋਲ ਬਜਾ ਕੇ ਅਤੇ ਭੰਗੜੇ ਪਾਉਂਦਿਆਂ, ਉਹਨਾਂ ਦੇ ਗ੍ਰਹਿ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਚੋਣਾਂ ਲਈ ਦਿਨ-ਰਾਤ ਇਕ ਕਰਨ ਅਤੇ ਕਮਰਕੱਸੇ ਕੱਸਣ ਦਾ ਹੋਕਾ ਦਿੰਦਿਆਂ ਸ. ਸੈਣੀ ਦੀ ਵੱਡੀ ਲੀਡ ਨਾਲ ਜਿੱਤ ਦਰਜ ਕਰਨ ਦਾ ਪ੍ਰਣ ਕੀਤਾ।

ਇਸ ਮੌਕੇ ਸ. ਦਲਵਿੰਦਰ ਸਿੰਘ ਸੈਣੀ ਨੇ ਨਿਗਮ ਚੋਣਾਂ ਲਈ ਵਾਰਡ ਨੰ: 27 ਤੋਂ ਉਮੀਦਵਾਰ ਐਲਾਨਣ ਲਈ ਕਾਂਗਰਸ ਹਾਈਕਮਾਂਡ, ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਅਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸ੍ਰੀ ਐਚ.ਐਸ. ਲੱਕੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਅੱਗੇ ਕਿਹਾ ਕਿ ਸਮੂਹ ਵਰਕਰਾਂ ਅਤੇ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਉਹ, ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਦੀ ਝੋਲੀ ਵਿਚ ਪਾਉਣਗੇ। ਉਹਨਾਂ ਕਿਹਾ ਕਿ ਉਹ, ਵਾਰਡ ਵਾਸੀਆਂ ਨਾਲ ਧੋਖਾ ਕਰਨ ਵਾਲੇ, ਮਤਲਬੀ ਤੇ ਪਾਰਟੀ ਨੂੰ ਪਿੱਠ ਦਿਖਾਉਣ ਵਾਲੇ ਆਗੂਆਂ ਨੂੰ ਮੂੰਹ ਤੋੜ ਜਵਾਬ ਦੇ ਕੇ ਵੱਡੀ ਜਿੱਤ ਦਰਜ ਕਰਨਗੇ।