Breaking News
Smart Media Insurance Point

ਏਸ਼ੀਅਨ ਚੈਂਪੀਅਨਜ਼ ਟਰਾਫੀ-2026: ਫਾਈਨਲ ’ਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਖ਼ਿਤਾਬ ਬਰਕਰਾਰ ਰੱਖਿਆ

ਹਾਕੀ ਵਿਸ਼ਵ ਕੱਪ-2030 ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਭਗਵੰਤ ਮਾਨ

ਕਿਹਾ, ਟੂਰਨਾਮੈਂਟ ਦੀ ਸਫ਼ਲ ਮੇਜ਼ਬਾਨੀ ਨੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਪੰਜਾਬ ਦੀ ਸਮਰੱਥਾ ਸਾਬਤ ਕੀਤੀ

ਮੋਹਾਲੀ, 6 ਨਵੰਬਰ, ਮਨਜੀਤ ਸਿੰਘ ਚਾਨਾ :

ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਸਫ਼ਲ ਮੇਜ਼ਬਾਨੀ ਨਾਲ ਪੰਜਾਬ ਨੇ ਆਪਣੇ ਖੇਡ ਇਤਿਹਾਸ ਵਿੱਚ ਇਕ ਹੋਰ ਸੁਨਹਿਰੀ ਅਧਿਆਇ ਜੋੜ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਾਲ 2030 ਵਿੱਚ ਵੱਕਾਰੀ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਹਾਕੀ ਨਾਲ ਪੰਜਾਬ ਦਾ ਅਟੁੱਟ ਰਿਸ਼ਤਾ, 77 ਹਾਕੀ ਓਲੰਪੀਅਨਾਂ ਅਤੇ 48 ਓਲੰਪਿਕ ਤਮਗਾ ਜੇਤੂਆਂ ਦੀ ਵਿਰਾਸਤ ਅਤੇ ਮਜ਼ਬੂਤ ਹੋ ਰਿਹਾ ਖੇਡ ਬੁਨਿਆਦੀ ਢਾਂਚਾ ਸੂਬੇ ਨੂੰ ਵੱਡੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਢੁੱਕਵੀਂ ਮੰਜ਼ਿਲ ਬਣਾਉਂਦੇ ਹਨ।

ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਫਾਈਨਲ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖ਼ਿਤਾਬ ਬਰਕਰਾਰ ਰੱਖਿਆ। ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਾਸੀਆਂ ਨੂੰ ਟੂਰਨਾਮੈਂਟ ਦੀ ਸਫ਼ਲ ਮੇਜ਼ਬਾਨੀ ਲਈ ਵਧਾਈ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਦੇ ਕਾਰਜਕਾਲ ਦੌਰਾਨ ਛੇ ਨਵੇਂ ਹਾਕੀ ਐਸਟਰੋਟਰਫ ਮੈਦਾਨ ਬਣਾਏ ਗਏ ਹਨ, ਜਦਕਿ ਦੋ ਹੋਰ ਮੈਦਾਨਾਂ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ, ਹਾਕੀ ਨੂੰ ਜ਼ਮੀਨੀ ਪੱਧਰ ’ਤੇ ਉਤਸ਼ਾਹਿਤ ਕਰਨ ਲਈ 18 ਛੇ-ਏ-ਸਾਈਡ ਐਸਟਰੋਟਰਫ ਮੈਦਾਨ ਵੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2023 ਵਿੱਚ ਨਵੀਂ ਖੇਡ ਨੀਤੀ ਲਾਗੂ ਕਰਨ ਦੇ ਨਾਲ ਖੇਡਾਂ ਲਈ 1,744 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ।

ਮਾਨ ਨੇ ਕਿਹਾ ਕਿ ਪੰਜਾਬ ਨੇ 1928 ਦੀਆਂ ਐਮਸਟਰਡਮ ਓਲੰਪਿਕ ਖੇਡਾਂ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਖੇਡਾਂ ਤੱਕ 77 ਹਾਕੀ ਓਲੰਪੀਅਨ ਪੈਦਾ ਕੀਤੇ ਹਨ ਅਤੇ ਸੂਬੇ ਦੇ 48 ਖਿਡਾਰੀ ਓਲੰਪਿਕ ਤਮਗੇ ਜਿੱਤ ਚੁੱਕੇ ਹਨ। ਪੰਜਾਬੀ ਖਿਡਾਰੀਆਂ ਨੇ 10 ਵਾਰ ਓਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ ਅਤੇ ਸੁਰਜੀਤ ਸਿੰਘ ਵਰਗੇ ਮਹਾਨ ਖਿਡਾਰੀਆਂ ਤੋਂ ਲੈ ਕੇ ਹਰਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਵਰਗੇ ਮੌਜੂਦਾ ਸਿਤਾਰਿਆਂ ਤੱਕ ਪੰਜਾਬ ਨੇ ਭਾਰਤੀ ਹਾਕੀ ਨੂੰ ਬੇਸ਼ਕੀਮਤੀ ਖਿਡਾਰੀ ਦਿੱਤੇ ਹਨ। ਜਲੰਧਰ ਦੇ ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਪਿੰਡਾਂ ਨੇ 20 ਤੋਂ ਵੱਧ ਓਲੰਪੀਅਨ ਪੈਦਾ ਕਰਕੇ ਵਿਸ਼ਵ ਪੱਧਰ ’ਤੇ ਪਛਾਣ ਬਣਾਈ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਅਤੇ ਖੇਲੋ ਇੰਡੀਆ ਕੇਂਦਰ ਰਾਹੀਂ ਕ੍ਰਮਵਾਰ 102 ਅਤੇ 33 ਖਿਡਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਮੌਕੇ ਹਾਰਦਿਕ ਸਿੰਘ ਦੇ 200ਵੇਂ ਕੌਮਾਂਤਰੀ ਮੈਚ ਦੀ ਪ੍ਰਾਪਤੀ ’ਤੇ ਉਨ੍ਹਾਂ ਨੂੰ ਵਿਸ਼ੇਸ਼ ਜਰਸੀ ਭੇਟ ਕੀਤੀ ਗਈ। ਮੁੱਖ ਮੰਤਰੀ ਨੇ ਭਾਰਤੀ ਅਤੇ ਜਾਪਾਨੀ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਜੇਤੂ ਭਾਰਤੀ ਟੀਮ ਨੂੰ ਸੋਨ ਤਮਗੇ ਪ੍ਰਦਾਨ ਕੀਤੇ। ਸਮਾਪਤੀ ਸਮਾਰੋਹ ਦੌਰਾਨ ਗਤਕਾ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਪਹਿਲਾਂ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਹਾਕੀ ਇੰਡੀਆ ਦੇ ਸਕੱਤਰ ਜਨਰਲ ਭੋਲਾ ਨਾਥ ਨੇ ਟੂਰਨਾਮੈਂਟ ਦੇ ਸਫ਼ਲ ਪ੍ਰਬੰਧਾਂ ਲਈ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਸਮਾਗਮ ਵਿੱਚ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਵਰੁਣ ਰੁਜਮ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *