Breaking News
Smart Media Insurance Point

ਏਸ਼ੀਅਨ ਚੈਂਪੀਅਨਜ਼ ਟਰਾਫੀ: ਸੈਮੀਫਾਈਨਲ ਲਈ ਮੋਹਾਲੀ ‘ਚ 4 ਨਵੰਬਰ ਨੂੰ ਭਾਰਤ ਦੀ ਦੱਖਣੀ ਕੋਰੀਆ ਨਾਲ ਹੋਵੇਗੀ ਟੱਕਰ

ਜਾਪਾਨ ਤੇ ਮਲੇਸ਼ੀਆ ਦੂਜੇ ਸੈਮੀਫਾਈਨਲ ਵਿੱਚ ਭਿੜਨਗੇ

ਚੀਨ ਤੇ ਬੰਗਲਾਦੇਸ਼ ਵਿਚਾਲੇ ਪੰਜਵੇਂ ਸਥਾਨ ਲਈ ਹੋਵੇਗਾ ਮੈਚ

ਮੋਹਾਲੀ, 3 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਕੌਮਾਂਤਰੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਲੀਗ ਮੁਕਾਬਲਿਆਂ ਦੀ ਸਫਲ ਸਮਾਪਤੀ ਤੋਂ ਬਾਅਦ ਹੁਣ ਨਾਕਆਊਟ ਮੁਕਾਬਲਿਆਂ ਲਈ ਮੋਹਾਲੀ ਪੂਰੀ ਤਰ੍ਹਾਂ ਤਿਆਰ ਹੈ। 4 ਨਵੰਬਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਦੋ ਸੈਮੀਫਾਈਨਲ ਅਤੇ ਪੰਜਵੇਂ ਸਥਾਨ ਲਈ ਮੁਕਾਬਲਾ ਖੇਡਿਆ ਜਾਵੇਗਾ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚ ਕਰਵਾਇਆ ਜਾਵੇਗਾ।

ਮੁਕਾਬਲਿਆਂ ਦੀ ਸ਼ੁਰੂਆਤ ਦੁਪਹਿਰ 2 ਵਜੇ ਚੀਨ ਅਤੇ ਬੰਗਲਾਦੇਸ਼ ਵਿਚਾਲੇ ਪੰਜਵੀਂ ਪੁਜੀਸ਼ਨ ਲਈ ਮੈਚ ਨਾਲ ਹੋਵੇਗੀ। ਸ਼ਾਮ 4:30 ਵਜੇ ਪਹਿਲੇ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ, ਜਦਕਿ ਸ਼ਾਮ 7 ਵਜੇ ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਸੈਮੀਫਾਈਨਲ ਜਿੱਤਣ ਵਾਲੀਆਂ ਟੀਮਾਂ 5 ਨਵੰਬਰ ਨੂੰ ਹੋਣ ਵਾਲੇ ਫਾਈਨਲ ਵਿੱਚ ਖੇਡਣਗੀਆਂ ਅਤੇ ਹਾਰਨ ਵਾਲੀਆਂ ਟੀਮਾਂ ਕਾਂਸੀ ਦੇ ਤਮਗੇ ਲਈ ਭਿੜਨਗੀਆਂ।

ਲੀਗ ਪੜਾਅ ਵਿੱਚ ਭਾਰਤ ਨੇ ਪੰਜੇ ਮੁਕਾਬਲੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਜਾਪਾਨ ਦੂਜੇ, ਮਲੇਸ਼ੀਆ ਤੀਜੇ ਅਤੇ ਦੱਖਣੀ ਕੋਰੀਆ ਚੌਥੇ ਸਥਾਨ ’ਤੇ ਰਿਹਾ। ਭਾਰਤ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਸਭ ਤੋਂ ਵੱਧ 34 ਗੋਲ ਕੀਤੇ ਹਨ। ਕਪਤਾਨ ਹਰਮਨਪ੍ਰੀਤ ਸਿੰਘ 9 ਗੋਲਾਂ ਨਾਲ ਟੂਰਨਾਮੈਂਟ ਦਾ ਟਾਪ ਸਕੋਰਰ ਬਣਿਆ ਹੋਇਆ ਹੈ। ਮਲੇਸ਼ੀਆ ਦੇ ਅਬੁ ਕਮਲ ਅਜ਼ਰਾਈ ਪੰਜ ਗੋਲਾਂ ਨਾਲ ਦੂਜੇ ਸਥਾਨ ’ਤੇ ਹਨ।

ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਭਾਰਤ ਪੰਜ ਵਾਰ ਖਿਤਾਬ ਜਿੱਤ ਚੁੱਕਾ ਹੈ। ਹੁਣ ਭਾਰਤੀ ਟੀਮ ਦੀ ਨਜ਼ਰ ਛੇਵੀਂ ਵਾਰ ਟਰਾਫੀ ਆਪਣੇ ਨਾਮ ਕਰਨ ’ਤੇ ਹੋਵੇਗੀ।

ਪੰਜਾਬ ਲਈ ਇਹ ਮਾਣ ਵਾਲਾ ਮੌਕਾ ਹੈ ਕਿ ਪਹਿਲੀ ਵਾਰ ਸੂਬੇ ਵਿੱਚ ਹੋ ਰਹੇ ਇਸ ਕੌਮਾਂਤਰੀ ਹਾਕੀ ਟੂਰਨਾਮੈਂਟ ਦੇ ਅਹਿਮ ਨਾਕਆਊਟ ਮੁਕਾਬਲਿਆਂ ਅਤੇ ਫਾਈਨਲ ਦੀ ਮੇਜ਼ਬਾਨੀ ਮੋਹਾਲੀ ਕਰ ਰਿਹਾ ਹੈ। 5 ਨਵੰਬਰ ਨੂੰ ਇਸੇ ਸਟੇਡੀਅਮ ਵਿੱਚ ਟੂਰਨਾਮੈਂਟ ਦੇ ਜੇਤੂ ਦਾ ਫੈਸਲਾ ਹੋਵੇਗਾ।

Leave a Reply

Your email address will not be published. Required fields are marked *