
ਚੰਡੀਗੜ੍ਹ, 2 ਨਵੰਬਰ (ਮਨਜੀਤ ਸਿੰਘ ਚਾਨਾ) :
ਘਰ-ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੀ ਦਿਵਾਲੀ ਵੀ ਮਿਠਾਸ ਨਾਲ ਭਰੀ ਹੋਵੇ, ਇਸੇ ਭਾਵਨਾ ਨਾਲ ਰੋਟਰੀ ਨੇ ਇੱਕ ਵਾਰ ਫਿਰ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ। ਇਸ ਸਾਲ ਸਰਹੱਦਾਂ ‘ਤੇ ਤਾਇਨਾਤ ਜਵਾਨਾਂ ਲਈ 6 ਟਨ ਮਿਠਾਈ ਭੇਜੀ ਜਾ ਰਹੀ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਠਿਆਈ ਨਾਲ ਲੱਦੇ ਫੌਜ ਦੇ ਟਰੱਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਹ ਮਿਠਾਈ ਭਾਰਤੀ ਵਾਯੂ ਸੈਨਾ (IAF) ਦੇ ਜਹਾਜ਼ਾਂ ਰਾਹੀਂ ਚੰਡੀਗੜ੍ਹ ਤੋਂ ਦੇਸ਼ ਦੇ ਵੱਖ-ਵੱਖ ਸਰਹੱਦੀ ਖੇਤਰਾਂ ਵਿੱਚ ਪਹੁੰਚਾਈ ਜਾਵੇਗੀ। ਇਸ ਦਾ ਮਕਸਦ ਸਿਰਫ਼ ਮਠਿਆਈ ਭੇਜਣਾ ਨਹੀਂ, ਸਗੋਂ ਉਨ੍ਹਾਂ ਜਵਾਨਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਤਿਉਹਾਰ ‘ਤੇ ਭਾਵੇਂ ਉਹ ਆਪਣੇ ਪਰਿਵਾਰਾਂ ਤੋਂ ਦੂਰ ਹਨ, ਪਰ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰੋਟੇਰੀਅਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਹੱਦਾਂ ‘ਤੇ ਤਾਇਨਾਤ ਜਵਾਨ ਦੇਸ਼ ਦੀ ਸੁਰੱਖਿਆ ਲਈ ਤਿਉਹਾਰਾਂ ‘ਤੇ ਵੀ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨਾਲ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨਾ ਅਤੇ ਉਨ੍ਹਾਂ ਨੂੰ ਆਪਣਾਪਣ ਮਹਿਸੂਸ ਕਰਵਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ।
ਰੋਟਰੀ ਦੀ ਇਹ ਮੁਹਿੰਮ ‘ਆਪ ਹੈਂ ਤੋ ਹਮ ਹੈਂ’ (ਤੁਸੀਂ ਹੋ ਤਾਂ ਅਸੀਂ ਹਾਂ) ਦੇ ਸੁਨੇਹੇ ਨਾਲ ਸਾਲ 2016 ਤੋਂ ਲਗਾਤਾਰ ਚੱਲ ਰਹੀ ਹੈ। ਹਰ ਸਾਲ ਦਿਵਾਲੀ ਦੇ ਮੌਕੇ ‘ਤੇ ਜਵਾਨਾਂ ਲਈ ਮਠਿਆਈ ਅਤੇ ਸ਼ੁਭਕਾਮਨਾਵਾਂ ਭੇਜੀਆਂ ਜਾਂਦੀਆਂ ਹਨ। ਇਸ ਪ੍ਰੋਜੈਕਟ ਦੀ ਕਲਪਨਾ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਵਿਸ਼ਵ ਪ੍ਰਧਾਨ ਰਾਜੇਂਦਰ ਕੇ. ਸਾਬੂ ਦੀ ਪਤਨੀ ਊਸ਼ਾ ਸਾਬੂ ਨੇ ਕੀਤੀ ਸੀ। ਹੁਣ ਰੋਟਰੀ ਕਲੱਬ ਚੰਡੀਗੜ੍ਹ ਅਤੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਦੇ ਮੈਂਬਰ ਮਿਲ ਕੇ ਇਸ ਨੂੰ ਅੱਗੇ ਵਧਾ ਰਹੇ ਹਨ।