
ਨਵੀਂ ਦਿੱਲੀ, 21 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਨੇ ਸਾਈਬਰ ਹਮਲੇ ਨਾਲ ਜੁੜੀ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਡਾਰਕ ਵੈੱਬ ’ਤੇ ਮੌਜੂਦ ਰਿਕਾਰਡਾਂ ਦੀ ਮੁੱਢਲੀ ਜਾਂਚ ਦੌਰਾਨ 3,897 ਗਾਹਕਾਂ ਦੀ ਨਿੱਜੀ ਜਾਣਕਾਰੀ ਵਾਲੇ ਰਿਕਾਰਡ ਮਿਲੇ ਹਨ। ਹਾਲਾਂਕਿ, ਡਾਟਾ ਦੀ ਪ੍ਰਮਾਣਿਕਤਾ ਅਤੇ ਲੀਕ ਦੇ ਪੂਰੇ ਘੇਰੇ ਦੀ ਜਾਂਚ ਅਜੇ ਜਾਰੀ ਹੈ।
ਬੈਂਕ ਨੇ ਸਟਾਕ ਐਕਸਚੇਂਜਾਂ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ 16 ਅਕਤੂਬਰ ਨੂੰ ਉਸ ਨੂੰ ਰੱਖਿਆ ਸਾਈਬਰ ਏਜੰਸੀ, ਥ੍ਰੈੱਟ ਇੰਟੈਲੀਜੈਂਸ ਸੇਵਾ ਪ੍ਰਦਾਤਾ ਅਤੇ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਤੋਂ ਡਾਟਾ ਲੀਕ ਹੋਣ ਸਬੰਧੀ ਚਿਤਾਵਨੀ ਮਿਲੀ ਸੀ।
ਲਗਭਗ 3.75 ਲੱਖ ਰਿਕਾਰਡਾਂ ਦੀ ਮੁੱਢਲੀ ਜਾਂਚ ਦੌਰਾਨ ਮਿਲੀ ਜਾਣਕਾਰੀ ਵਿੱਚ ਗਾਹਕਾਂ ਦੇ ਨਾਂ, ਮੋਬਾਈਲ ਨੰਬਰ, ਜਨਮ ਮਿਤੀਆਂ, ਈਮੇਲ ਅਤੇ ਰਿਹਾਇਸ਼ੀ ਪਤੇ, ਲਿੰਗ ਤੇ ਕਰਜ਼ਿਆਂ ਨਾਲ ਸਬੰਧਤ ਵੇਰਵੇ ਸ਼ਾਮਲ ਹੋਣ ਦੀ ਗੱਲ ਕਹੀ ਗਈ ਹੈ।
ਐੱਸਬੀਆਈ ਨੇ ਸਾਈਬਰ ਸੁਰੱਖਿਆ ਪ੍ਰੋਟੋਕੋਲ ਸਰਗਰਮ ਕਰਦਿਆਂ ਸੁਤੰਤਰ ਜਾਂਚ ਲਈ ਮਾਨਤਾ ਪ੍ਰਾਪਤ ਏਜੰਸੀ ਨਿਯੁਕਤ ਕੀਤੀ ਹੈ। ਬੈਂਕ ਮੁਤਾਬਕ, ਘਟਨਾ ਦਾ ਕਾਰੋਬਾਰੀ ਕੰਮਕਾਜ, ਵਿੱਤੀ ਕਾਰਗੁਜ਼ਾਰੀ ਜਾਂ ਸੇਵਾਵਾਂ ’ਤੇ ਕੋਈ ਮਹੱਤਵਪੂਰਨ ਅਸਰ ਨਹੀਂ ਪਿਆ। ਇਸ ਸਬੰਧੀ ਬੈਂਕ ਵੱਲੋਂ ਜਾਂਚ ਜਾਰੀ ਹੈ ਅਤੇ ਰੋਕਥਾਮ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।