Breaking News
Smart Media Dashmesh Insurance Point

CJP ਵਲੋਂ ਐਤਵਾਰ ਨੂੰ ਫਿਰ ਜੰਤਰ-ਮੰਤਰ ’ਤੇ ਧਰਨੇ ਦਾ ਐਲਾਨ

4000 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਤੱਕ ਸੰਘਰਸ਼ ਜਾਰੀ ਰੱਖਣ ਦਾ ਅਲਟੀਮੇਟਮ

ਨਵੀਂ ਦਿੱਲੀ, 10 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਚੋਣ ਸੂਚੀਆਂ ਵਿੱਚ ਕਥਿਤ ਹੇਰਾਫੇਰੀ ਅਤੇ ਬੇਨਿਯਮੀਆਂ ਦੇ ਗੰਭੀਰ ਦੋਸ਼ ਲਗਾਉਂਦਿਆਂ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਦਿੱਤੇ ਗਏ ‘ਜੰਤਰ-ਮੰਤਰ 2.0’ ਦੇ ਸੱਦੇ ਦੌਰਾਨ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿੱਚ ਤਬਦੀਲ ਨਜ਼ਰ ਆਈ। ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਸਖਤ ਰੋਕਾਂ ਅਤੇ ਭਾਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਸੁੰਨਸਾਨ ਰਹੀਆਂ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਇਸ ਵੱਡੇ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਸਰਕਾਰ ਪੂਰੀ ਤਰ੍ਹਾਂ ਬੈਕਫੁਟ ‘ਤੇ ਆਈ ਦਿਖਾਈ ਦੇ ਰਹੀ ਹੈ।

ਪੁਲਿਸ ਵੱਲੋਂ ਕਾਰਵਾਈ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਅਭਿਜੀਤ ਦੀਪਕੇ, ਸੌਰਬ ਦਾਸ, ਆਸੂਤੋਸ਼ ਰੰਕਾ ਸਮੇਤ 4000 ਤੋਂ ਵਧੇਰੇ ਪ੍ਰਦਰਸ਼ਨਕਾਰੀਆਂ ਅਤੇ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਵੀ ਨੂੰ ਵੱਡੇ ਪੱਧਰ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਨੂੰ ਸੀ.ਜੇ.ਪੀ. ਆਗੂਆਂ ਨੇ ‘ਅਣਐਲਾਨੀ ਐਮਰਜੈਂਸੀ’ ਕਰਾਰ ਦਿੱਤਾ ਹੈ।

ਗ੍ਰਿਫ਼ਤਾਰੀਆਂ ਦੇ ਬਾਵਜੂਦ CJP ਨੇ ਐਤਵਾਰ ਸਵੇਰੇ 10 ਵਜੇ ਜੰਤਰ-ਮੰਤਰ ਵਿਖੇ ਮੁੜ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸ਼ਨੀਵਾਰ ਸ਼ਾਮ ਨੂੰ ਇਕ ਹੰਗਾਮੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ.ਜੇ.ਪੀ. ਦੇ ਰਾਸ਼ਟਰੀ ਸੰਗਠਨ ਇੰਚਾਰਜ ਅਜਿੰਕਿਆ ਸ਼ਿੰਦੇ ਨੇ ਸਾਫ਼ ਕੀਤਾ ਕਿ ਪੁਲਿਸ ਦੀਆਂ ਇਨ੍ਹਾਂ ਰੋਕਾਂ ਨਾਲ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਪਾਰਟੀ ਨੇ ਵੋਟਰ ਸੂਚੀਆਂ ਵਿੱਚੋਂ ਕਥਿਤ ਤੌਰ ’ਤੇ 13 ਕਰੋੜ ਵੋਟਾਂ ਹਟਾਉਣ ਅਤੇ ਉਨ੍ਹਾਂ ਨਾਲ ਛੇੜਛਾੜ ਦੇ ਦੋਸ਼ ਲਾਉਂਦਿਆਂ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।

ਇਸ ਦੌਰਾਨ ਕਨਾਟ ਪਲੇਸ ਸਮੇਤ ਕਈ ਇਲਾਕਿਆਂ ਵਿੱਚ ਪੁਲਿਸ ਬੱਸਾਂ, ਦੰਗਾ-ਰੋਕੂ ਵਾਹਨ ਅਤੇ ਬੈਰੀਕੇਡ ਤਾਇਨਾਤ ਰਹੇ। ਮੈਟਰੋ ਸੇਵਾਵਾਂ ਵਿੱਚ ਕਟੌਤੀ ਅਤੇ ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਸ਼ਮੀਰੀ ਗੇਟ ਬੱਸ ਅੱਡੇ ’ਤੇ ਭੀੜ ਦੇਖੀ ਗਈ।

ਪ੍ਰਦਰਸ਼ਨ ਵਾਲੀ ਥਾਂ ’ਤੇ ਮੀਡੀਆ ਕਰਮਚਾਰੀਆਂ ਦੀ ਆਵਾਜਾਈ ਨੂੰ ਲੈ ਕੇ ਵੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ। ਹੁਣ ਸਭ ਦੀਆਂ ਨਜ਼ਰਾਂ ਐਤਵਾਰ ਦੇ ਪ੍ਰਸਤਾਵਿਤ ਪ੍ਰਦਰਸ਼ਨ ‘ਤੇ ਟਿਕੀਆਂ ਹੋਈਆਂ ਹਨ।

Leave a Reply

Your email address will not be published. Required fields are marked *