
ਨਾਈਪਰ ਸਟਾਫ਼ ਵੈਲਫੇਅਰ ਐਸੋਸੀਏਸ਼ਨ (NSWA) ਵਲੋਂ ਭੁੱਖ ਹੜਤਾਲ ਅਤੇ ਅਸਹਿਯੋਗ ਅੰਦੋਲਨ ਸ਼ੁਰੂ
ਐਸ.ਏ.ਐਸ. ਨਗਰ (ਮੋਹਾਲੀ), 6 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :
ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (NIPER), ਐਸ.ਏ.ਐਸ. ਨਗਰ ਵਿਖੇ ਗ਼ੈਰ-ਅਧਿਆਪਨ ਅਮਲੇ ਦਾ ਰੋਸ ਪ੍ਰਦਰਸ਼ਨ ਅੱਜ, 6 ਅਕਤੂਬਰ 2026 ਨੂੰ 36ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਨਾਈਪਰ ਸਟਾਫ਼ ਵੈਲਫੇਅਰ ਐਸੋਸੀਏਸ਼ਨ (NSWA) ਦੀ ਅਗਵਾਈ ਹੇਠ ਕਰਮਚਾਰੀਆਂ ਨੇ ਆਪਣੀਆਂ ਲੰਬਿਤ ਤਰੱਕੀਆਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭੁੱਖ ਹੜਤਾਲ ਅਤੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ।
ਅੱਜ ਪੰਜ ਕਰਮਚਾਰੀਆਂ ਨੇ ਭੁੱਖ ਹੜਤਾਲ ਰੱਖੀ, ਜਦਕਿ ਬਾਕੀ ਸਟਾਫ਼ ਨੇ ਅਸਹਿਯੋਗ ਅੰਦੋਲਨ ਰਾਹੀਂ ਪੂਰਾ ਸਮਰਥਨ ਦਿੱਤਾ। ਸਕੱਤਰੇਤ ਇਮਾਰਤ ਦੇ ਬਾਹਰ ਇਕੱਠੇ ਹੋ ਕੇ ਕਰਮਚਾਰੀਆਂ ਨੇ ਬੋਰਡ ਆਫ਼ ਗਵਰਨਰਜ਼ (BoG) ਦੁਆਰਾ ਮਨਜ਼ੂਰਸ਼ੁਦਾ ਪ੍ਰਸੋਨਲ ਪ੍ਰਮੋਸ਼ਨ ਸਕੀਮ (PPS) ਦੇ ਤਹਿਤ ਰੋਕੀਆਂ ਗਈਆਂ ਤਰੱਕੀਆਂ ਨੂੰ ਤੁਰੰਤ ਬਹਾਲ ਕਰਨ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਸਕੀਮ ਸਾਲ 2020 ਤੋਂ ਮੁਅੱਤਲ ਰੱਖੀ ਗਈ ਹੈ, ਜਦਕਿ ਬੋਰਡ ਆਫ਼ ਗਵਰਨਰਜ਼ ਵਲੋਂ 2003 ਅਤੇ 2013 ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
ਇਸ ਦੌਰਾਨ, ਇੰਸਟੀਚਿਊਟ ਦੇ ਡਾਇਰੈਕਟਰ ਦੀ ਮੌਜੂਦਗੀ ਵਿੱਚ ਫਾਰਮਾਸਿਊਟੀਕਲਜ਼ ਵਿਭਾਗ ਦੇ ਸੰਯੁਕਤ ਸਕੱਤਰ ਨਾਲ ਟੈਲੀਫੋਨ ‘ਤੇ ਅੱਧੇ ਘੰਟੇ ਦੀ ਗੱਲਬਾਤ ਹੋਈ। ਹਾਲਾਂਕਿ, ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਵਿਭਾਗ ਵਲੋਂ ਅਸਲ ਮੰਗਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਾਮਲੇ ਨੂੰ ਜ਼ਬਰਦਸਤੀ ਖਰਚਾ ਵਿਭਾਗ ਕੋਲ MACP ਲਾਗੂ ਕਰਨ ਲਈ ਭੇਜ ਦਿੱਤਾ ਗਿਆ ਹੈ, ਜੋ ਕਿ ਅੰਦੋਲਨ ਦਾ ਮੁੱਖ ਮੁੱਦਾ ਹੀ ਨਹੀਂ ਸੀ।
ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ MACP ਨੂੰ ਮੌਜੂਦਾ ਪ੍ਰਸੋਨਲ ਪ੍ਰਮੋਸ਼ਨ ਸਕੀਮ ਦੀ ਥਾਂ ‘ਤੇ ਸਿੱਧੇ ਤੌਰ ‘ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਮੰਗ ਦੁਹਰਾਈ ਕਿ ਜਦੋਂ ਤੱਕ ਕੋਈ ਨਵੀਂ ਪ੍ਰਮੋਸ਼ਨ ਨੀਤੀ ਰਸਮੀ ਤੌਰ ‘ਤੇ ਲਾਗੂ ਨਹੀਂ ਹੁੰਦੀ, ਉਦੋਂ ਤੱਕ ਬੋਰਡ ਆਫ਼ ਗਵਰਨਰਜ਼ ਦੁਆਰਾ ਪ੍ਰਮਾਣਿਤ PPS ਸਕੀਮ ਨੂੰ ਹੀ ਨਿਰੰਤਰ ਜਾਰੀ ਰੱਖਿਆ ਜਾਵੇ।