Breaking News
Smart Media Dashmesh Insurance Point

ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡੀ

ਨਵੀਂ ਦਿੱਲੀ, 6 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਗਲਵਾਰ ਨੂੰ ਤਿੰਨਾਂ ਫਾਰਮੈਟਾਂ ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ। 37 ਸਾਲਾ ਹਰਮਨਪ੍ਰੀਤ ਨੇ ਕਿਹਾ ਕਿ ਉਹ ਬਤੌਰ ਕਪਤਾਨ ਆਪਣੀ ਜ਼ਿੰਮੇਵਾਰੀ ਪੂਰੀ ਕਰ ਚੁੱਕੀ ਹੈ ਅਤੇ ਹੁਣ ਮੁੜ ‘ਖੇਡ ਦੇ ਪਿਆਰ ਲਈ’ ਮੈਦਾਨ ਵਿੱਚ ਉਤਰਨਾ ਚਾਹੁੰਦੀ ਹੈ।

ਉਸ ਦਾ ਇਹ ਫੈਸਲਾ ਗੁਹਾਟੀ ਵਿੱਚ ਹੋਈ ਬੀਸੀਸੀਆਈ ਦੀ ਸਮੀਖਿਆ ਬੈਠਕ ਤੋਂ ਬਾਅਦ ਆਇਆ, ਜਿਸ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਟੀਮ ਦੇ ਪ੍ਰਦਰਸ਼ਨ ਅਤੇ ਭਵਿੱਖੀ ਦਿਸ਼ਾ ’ਤੇ ਵਿਚਾਰ ਕੀਤਾ ਗਿਆ। ਬੈਠਕ ਦੀ ਅਗਵਾਈ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕੀਤੀ। ਉਪ-ਕਪਤਾਨ ਸਮ੍ਰਿਤੀ ਮੰਧਾਨਾ ਅਤੇ ਮੁੱਖ ਕੋਚ ਅਮੋਲ ਮੁਜ਼ੁਮਦਾਰ ਵੀ ਇਸ ਵਿੱਚ ਸ਼ਾਮਲ ਸਨ।

ਹਰਮਨਪ੍ਰੀਤ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਕਪਤਾਨੀ ਛੱਡਣਾ ਆਸਾਨ ਫੈਸਲਾ ਨਹੀਂ ਸੀ। ਇਸ ਨਾਲ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਅਤੇ ਅਜਿਹੇ ਪਲ ਜੁੜੇ ਹਨ, ਜੋ ਸਾਰੀ ਉਮਰ ਨਾਲ ਰਹਿਣਗੇ। ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਡਿਊਟੀ ਨਿਭਾ ਦਿੱਤੀ ਹੈ। ਮੈਂ ਇਸ ਟੀਮ ਨੂੰ ਆਪਣਾ ਸਭ ਕੁਝ ਦਿੱਤਾ।”

ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਨੇ 2016 ਵਿੱਚ ਭਾਰਤੀ ਟੀ-20 ਟੀਮ ਦੀ ਕਪਤਾਨੀ ਸੰਭਾਲੀ ਸੀ। 2022 ਵਿੱਚ ਉਹ ਵਨਡੇ ਅਤੇ 2023 ਵਿੱਚ ਤਿੰਨਾਂ ਫਾਰਮੈਟਾਂ ਦੀ ਕਪਤਾਨ ਬਣੀ। ਉਸ ਨੇ ਭਾਰਤ ਦੀ 5 ਟੈਸਟ, 51 ਵਨਡੇ ਅਤੇ 155 ਟੀ-20 ਮੈਚਾਂ ਵਿੱਚ ਅਗਵਾਈ ਕੀਤੀ।

ਕਪਤਾਨੀ ਛੱਡਣ ਦੇ ਬਾਵਜੂਦ ਉਹ ਤਿੰਨਾਂ ਫਾਰਮੈਟਾਂ ਵਿੱਚ ਭਾਰਤ ਲਈ ਖੇਡਦੀ ਰਹੇਗੀ। ਸਮ੍ਰਿਤੀ ਮੰਧਾਨਾ ਨੂੰ ਅਗਲੀ ਕਪਤਾਨ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ। ਹਰਮਨਪ੍ਰੀਤ ਨੇ ਕਿਹਾ ਕਿ ਉਹ “ਭਾਵਨਾਵਾਂ ਨਾਲ ਭਰੇ ਦਿਲ, ਪਰ ਮਨ ਦੀ ਸ਼ਾਂਤੀ” ਨਾਲ ਕਪਤਾਨੀ ਤੋਂ ਵਿਦਾ ਲੈ ਰਹੀ ਹੈ।

Leave a Reply

Your email address will not be published. Required fields are marked *