Breaking News
Smart Media Dashmesh Mohali Walk Smart Media Insurance Point Hardev Singh Ubha

ਅਕਾਲੀਆਂ ਨੇ ਸੱਤਾ ਹਾਸਲ ਕਰਨ ਦੇ ਲਾਲਚ ‘ਚ ਭਾਜਪਾ ਅੱਗੇ ਗੋਡੇ ਟੇਕੇ: ਬਲਬੀਰ ਸਿੱਧੂ

ਕਿਹਾ, ਸੁਖਬੀਰ ਬਾਦਲ ਨੇ ਸਿਰੇ ਦੀ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦਾ ਮੁਜ਼ਾਹਰਾ ਕੀਤਾ

ਭਾਜਪਾ ਨੇ ਅਕਾਲੀਆਂ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਵਿਰੋਧਤਾ ਛੱਡਣ ਦੀ ਸ਼ਰਤ ਲਾਈ

ਮੋਹਾਲੀ, 3 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ-ਭਾਜਪਾ ਦੇ ਸੰਭਾਵੀ ਗਠਜੋੜ ਦੀਆਂ ਚਰਚਾਵਾਂ ਉੱਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹਨਾਂ ਵਿੱਚੋਂ ਕਿਸੇ ਵੀ ਪਾਰਟੀ ਦੇ ਪੈਰ ਪੰਜਾਬ ਵਿਚ ਨਹੀਂ ਲੱਗਣੇ ਭਾਵੇਂ ਉਹ ਇਕੱਠੀਆਂ ਵੀ ਕਿਉਂ ਨਾ ਹੋ ਜਾਣ ਕਿਉਂਕਿ ਸੂਬੇ ਦੇ ਲੋਕ ਇਹਨਾਂ ਦੋਹਾਂ ਪਾਰਟੀਆਂ ਨੂੰ ਇਕ ਤੋਂ ਵੱਧ ਵਾਰੀ ਨਕਾਰ ਚੁੱਕੇ ਹਨ।

ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਮੋਰਚੇ ਦੇ 750 ਤੋਂ ਵੱਧ ਸ਼ਹੀਦ ਕਿਸਾਨਾਂ ਦੀਆਂ ਲਾਸ਼ਾਂ ਟੱਪ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾ ਕੇ ਮੌਕਾਪ੍ਰਸਤੀ ਤੇ ਨਿੱਜਪ੍ਰਸਤੀ ਦੀਆਂ ਸਾਰੇ ਹੱਦ-ਬੰਨ੍ਹੇ ਤੋੜ ਦਿੱਤੇ ਹਨ। ਉਹਨਾਂ ਕਿਹਾ ਕਿ ਕਿਸੇ ਵੇਲੇ ਸੂਬਿਆਂ ਦੀ ਖੁਦਮੁਖਤਿਆਰੀ ਦੀ ਗੱਲ ਕਰਨ ਵਾਲੇ ਅਕਾਲੀ ਦਲ ਦੇ ਮੌਜੂਦਾ ਆਗੂ ਰਾਜਾਂ ਦੇ ਸਾਰੇ ਅਧਿਕਾਰਾਂ ਉੱਤੇ ਛਾਪਾ ਮਾਰਨ ਵਾਲੀ ਭਾਜਪਾ ਲਈ ਗਠਜੋੜ ਕਰਨ ਲਈ ਲੇਲੜ੍ਹੀਆਂ ਕੱਢ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਇਹ ਬੇਅਸੂਲਾ ਰਾਜਸੀ ਗਠਜੋੜ ਕਰ ਕੇ ਅਕਾਲੀ ਦਲ ਖੇਤਰੀ ਭਾਵਨਾਵਾਂ, ਇਛਾਵਾਂ ਤੇ ਸੱਧਰਾਂ ਦਾ ਗਲਾ ਘੁੱਟਣ ਦੇ ਰਾਹ ਪੈ ਗਿਆ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਿਆਸੀ ਹਲਕਿਆਂ ਵਿਚ ਇਹ ਚਰਚਾ ਜ਼ੋਰ ਨਾਲ ਚੱਲ ਰਹੀ ਹੈ ਕਿ ਭਾਜਪਾ ਨੇ ਅਕਾਲੀਆਂ ਅੱਗੇ ਮਨਸੂਖ਼ ਕੀਤੇ ਗਏ ਉਹਨਾਂ ਤਿੰਨ ਖੇਤੀ ਕਾਨੂੰਨਾਂ ਦੀ ਮੁਖ਼ਾਲਫਤ ਛੱਡਣ ਦੀ ਸ਼ਰਤ ਰੱਖੀ ਹੈ ਕਿ ਜਿਨ੍ਹਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨੂੰ ਲੰਬਾ ਤੇ ਲਹੂਵੀਟਵਾਂ ਸੰਘਰਸ਼ ਲੜਣਾ ਪਿਆ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦਾ ਪਿਛਲਾ ਤਜ਼ਰਬਾ ਇਹ ਦਸਦਾ ਹੈ ਕਿ ਅਕਾਲੀਆਂ ਵਲੋਂ ਭਾਜਪਾ ਅੱਗੇ ਪੂਰੀ ਤਰ੍ਹਾਂ ਗੋਡੇ ਟੇਕਣ ਕਾਰਨ ਪੰਜਾਬ ਜਾਂ ਸਿੱਖਾਂ ਦੀ ਇਕ ਵੀ ਮਸਲਾ ਹੱਲ ਤਾਂ ਕੀ ਹੋਣਾ ਸੀ, ਸਗੋਂ ਇਹ ਸਾਰੇ ਮਾਮਲੇ ਹੋਰ ਉਲਝਾ ਦਿੱਤੇ ਗਏ ਹਨ।

ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਅਜੇ ਬਰਗਾੜੀ, ਕੋਟਕਪੂਰਾ ਤੇ ਬਹਿਬਲ ਕਲਾਂ ਕਾਡ ਭੁੱਲੇ ਹਨ ਅਤੇ ਉਹਨਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਲੰਬੇ ਚੱਲੇ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਉੱਤੇ ਹੋਏ ਜ਼ੁਲਮ ਅਤੇ ਉਹਨਾਂ ਦੀਆਂ ਹੋਈਆਂ ਸ਼ਹੀਦੀਆਂ ਹੀ ਭੁੱਲੀਆਂ ਹਨ। ਉਹਨਾਂ ਕਿਹਾ ਕਿ ਇਸ ਲਈ ਅਕਾਲੀਆਂ ਅਤੇ ਭਾਜਪਾਈਆਂ ਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਪੰਜਾਬ ਵਿਚ ਸਰਕਾਰ ਬਣਾ ਲੈਣਗੇ। ਉਹਨਾਂ ਇਹ ਵੀ ਕਿਹਾ ਕਿ ਅਕਾਲੀ-ਭਾਜਪਾ ਦੀ ਹਾਲਤ ਦੋ ਸਿਫ਼ਰਾਂ ਜੁੜ ਕੇ ਵੀ ਇਕ ਸਿਫ਼ਰ ਰਹਿਣ ਵਾਲੀ ਬਣੀ ਹੋਈ ਹੈ।

Leave a Reply

Your email address will not be published. Required fields are marked *