
ਮੋਹਾਲੀ, 21 ਅਗਸਤ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਵਿੱਚ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਸੀਨੀਅਰ ਪੱਤਰਕਾਰ ਅਤੇ ਮੋਹਾਲੀ ਪ੍ਰੈੱਸ ਕਲੱਬ ਦੇ ਮੈਂਬਰ ਧਰਮਪਾਲ ਉਪਾਸ਼ਕ ਦਾ ਅੱਜ ਸ਼ਾਮ ਪੀਜੀਆਈ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਕੁਝ ਦਿਨਾਂ ਤੋਂ ਪੀਜੀਆਈ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਨੇ ਸ਼ਾਮ ਕਰੀਬ 6 ਵਜੇ ਆਖਰੀ ਸਾਹ ਲਏ। ਉਹ ਅਦਾਕਾਰਾ ਅਨੀਤਾ ਸ਼ਬਦੀਸ਼ ਦੇ ਪਿਤਾ ਸਨ।
ਧਰਮਪਾਲ ਉਪਾਸ਼ਕ ਨੇ ਲੰਮਾ ਸਮਾਂ ਪੰਜਾਬ ਟ੍ਰੈਕਟਰਜ਼ ਲਿਮਟਿਡ ਵਿੱਚ ਸੇਵਾਵਾਂ ਨਿਭਾਈਆਂ। ਨੌਕਰੀ ਦੇ ਨਾਲ-ਨਾਲ ਉਹ ‘ਅਜੀਤ’ ਅਤੇ ‘ਪੰਜਾਬੀ ਟ੍ਰਿਬਿਊਨ’ ਲਈ ਪੱਤਰਕਾਰੀ ਵੀ ਕਰਦੇ ਰਹੇ। ਪੱਤਰਕਾਰੀ ਦੌਰਾਨ ਉਨ੍ਹਾਂ ਨੇ ਇਮਾਨਦਾਰੀ, ਨਿਰਪੱਖਤਾ ਅਤੇ ਨਿਸ਼ਠਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਮੋਹਾਲੀ ਦੇ ਪੱਤਰਕਾਰ ਭਾਈਚਾਰੇ ਅਤੇ ਸਮਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਮਗਰੋਂ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੋਹਾਲੀ ਪ੍ਰੈੱਸ ਕਲੱਬ ਅਤੇ ਵੱਖ-ਵੱਖ ਵਰਗਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।