
ਐਸ.ਏ.ਐਸ. ਨਗਰ, 14 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਅਤੇ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਲੋਕ ਮਿਲਣੀ ਪ੍ਰੋਗਰਾਮ’ ਤਹਿਤ ਕਲ੍ਹ ਸ਼ਾਮ ਹਲਕਾ ਮੋਹਾਲੀ ਦੇ ਪਿੰਡ ਬਠਲਾਣਾ, ਗੁਡਾਣਾ ਅਤੇ ਢੇਲਪੁਰ ਵਿਖੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨਾਲ ਮੁਲਾਕਾਤ ਕੀਤੀ।
ਤਿੰਨਾਂ ਪਿੰਡਾਂ ਵਿੱਚ ਕਰਵਾਏ ਗਏ ਪ੍ਰੋਗਰਾਮਾਂ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਰੰਗਲਾ ਪੰਜਾਬ ਸਕੀਮ ਤਹਿਤ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ 8 ਲੱਖ ਰੁਪਏ, ਅਨੁਸੂਚਿਤ ਜਾਤੀ ਧਰਮਸ਼ਾਲਾ ਲਈ 5 ਲੱਖ ਰੁਪਏ ਅਤੇ ਸਟਰੀਟ ਲਾਈਟਾਂ ਲਈ 3 ਲੱਖ ਰੁਪਏ ਜਲਦੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਜਿਮ ਬਣਾਇਆ ਜਾ ਰਿਹਾ ਹੈ, ਲਾਇਬ੍ਰੇਰੀ ਦੀ ਉਸਾਰੀ ਜਾਰੀ ਹੈ ਅਤੇ ਮੁੱਖ ਮੰਤਰੀ ਖੇਡ ਮੈਦਾਨ ਯੋਜਨਾ ਤਹਿਤ ਖੇਡ ਮੈਦਾਨ ਵੀ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਲਈ ਉਚਿਤ ਸਹੂਲਤਾਂ ਮਿਲ ਸਕਣ ਅਤੇ ਉਹ ਖੇਡਾਂ ਦੇ ਖੇਤਰ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਗਾਰੰਟੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਸੂਬੇ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਲਟਕਦੇ ਵਿਕਾਸ ਕਾਰਜਾਂ ਨੂੰ ਵੀ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਪਿੰਡ ਬਠਲਾਣਾ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੰਗਲਾ ਪੰਜਾਬ ਸਕੀਮ ਤਹਿਤ ਅਨੁਸੂਚਿਤ ਜਾਤੀ ਧਰਮਸ਼ਾਲਾ ਲਈ 3 ਲੱਖ ਰੁਪਏ ਜਲਦੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ 2 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਟੋਬੇ ਦੇ ਕਿਨਾਰੇ ਚਾਰਦੀਵਾਰੀ ਬਣਾਈ ਜਾ ਰਹੀ ਹੈ। ਪਿੰਡ ਦੇ ਦੋ ਲੋੜਵੰਦ ਪਰਿਵਾਰਾਂ ਨੂੰ ਕੱਚੇ ਮਕਾਨ ਪੱਕੇ ਕਰਨ ਲਈ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਮਾਣਾ, ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਰਜਿੰਦਰ ਪ੍ਰਸਾਦ ਸ਼ਰਮਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਪਿੰਡ ਗੁਡਾਣਾ ਦੇ ਸਰਪੰਚ ਗੁਰਜੰਟ ਸਿੰਘ, ਬਾਬਾ ਬੰਤ ਸਿੰਘ, ਸਤਨਾਮ ਸਿੰਘ, ਬਲਾਕ ਪ੍ਰਧਾਨ ਰਿੰਕੂ ਗੁਡਾਲਾ, ਹਰਪਾਲ ਸਿੰਘ ਸਰਪੰਚ, ਹਰਨੇਕ ਸਿੰਘ ਨੰਬਰਦਾਰ, ਬਲਕਾਰ ਸਿੰਘ ਨੰਬਰਦਾਰ, ਅਮਰਜੀਤ ਸਿੰਘ (ਸਾਬਕਾ ਪੰਚ), ਗੁਰਜੀਤ ਸਿੰਘ ਫੌਜੀ, ਮਾਸਟਰ ਅਮਰਜੀਤ ਸਿੰਘ, ਮਾਸਟਰ ਨਰਿੰਦਰ ਸਿੰਘ, ਵਜ਼ੀਰ ਸਿੰਘ (ਸਾਬਕਾ ਸਰਪੰਚ) ਅਤੇ ਸੰਤ ਸਿੰਘ ਕੌੜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।