
ਚੰਡੀਗੜ੍ਹ/ਮੋਹਾਲੀ, 11 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਵਿਕਸਿਤ ਸੈਕਟਰ-63 ਦੇ ਲਗਭਗ 2200 ਫਲੈਟਾਂ ਦੀਆਂ ਚਾਬੀਆਂ ਸਾਲ 2015 ਵਿੱਚ ਅਲਾਟੀਆਂ ਨੂੰ ਸੌਂਪੀਆਂ ਗਈਆਂ ਸਨ। ਉਸ ਸਮੇਂ ਵਸਨੀਕਾਂ ਨੂੰ ਉਮੀਦ ਸੀ ਕਿ ਇਹ ਸੈਕਟਰ ਵੀ ਚੰਡੀਗੜ੍ਹ ਦੇ ਹੋਰ ਖੇਤਰਾਂ ਵਾਂਗ ਸਾਰੀਆਂ ਬੁਨਿਆਦੀ ਨਾਗਰਿਕ ਸਹੂਲਤਾਂ ਨਾਲ ਲੈਸ ਹੋਵੇਗਾ, ਪਰ 11 ਸਾਲ ਬੀਤਣ ਦੇ ਬਾਵਜੂਦ ਹਜ਼ਾਰਾਂ ਪਰਿਵਾਰ ਅਜੇ ਵੀ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ।
ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (3BHK) ਦੇ ਪ੍ਰਧਾਨ ਪਰਮਜੀਤ ਸਿੰਘ ਬੇਨੀਪਾਲ ਨੇ ਦੱਸਿਆ ਕਿ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਪ੍ਰਸ਼ਾਸਨ, ਹਾਊਸਿੰਗ ਬੋਰਡ ਅਤੇ ਮਿਉਂਸਪਲ ਕਾਰਪੋਰੇਸ਼ਨ ਕੋਲ ਮਸਲੇ ਉਠਾਉਂਦੀ ਆ ਰਹੀ ਹੈ, ਪਰ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਫੇਜ਼-9 ਨਾਲ ਲੱਗਦੀ ਸੈਕਟਰ-63 ਦੀ ਹੱਦ ਅਜੇ ਤੱਕ ਸਪੱਸ਼ਟ ਤੌਰ ’ਤੇ ਨਿਸ਼ਾਨਦੇਹੀ ਨਹੀਂ ਕੀਤੀ ਗਈ, ਜਿਸ ਕਾਰਨ ਸਰਹੱਦੀ ਵਿਵਾਦ, ਪ੍ਰਸ਼ਾਸਨਿਕ ਉਲਝਣਾਂ ਅਤੇ ਨਾਜਾਇਜ਼ ਕਬਜ਼ਿਆਂ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸੈਕਟਰ ਵਿੱਚ ਕਮਿਊਨਿਟੀ ਸੈਂਟਰ, ਮਾਰਕੀਟ, ਬੱਸ ਸਟਾਪ, ਜਨਤਕ ਟਾਇਲਟ ਅਤੇ ਪਾਰਕਾਂ ਲਈ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਸਫਾਈ ਪ੍ਰਬੰਧ ਵੀ ਪ੍ਰਭਾਵਿਤ ਹਨ, ਜਿਸ ਨਾਲ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਆਮ ਵਸਨੀਕਾਂ ਨੂੰ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਸੋਸੀਏਸ਼ਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਹੈ ਕਿ ਸੈਕਟਰ-63 ਦੀ ਹੱਦਬੰਦੀ ਤੁਰੰਤ ਕਰਵਾਈ ਜਾਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਸਾਰੀਆਂ ਬੁਨਿਆਦੀ ਨਾਗਰਿਕ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਹਜ਼ਾਰਾਂ ਵਸਨੀਕਾਂ ਨੂੰ ਵੀ ਹੋਰ ਸੈਕਟਰਾਂ ਵਾਂਗ ਬਿਹਤਰ ਜੀਵਨ ਸਹੂਲਤਾਂ ਮਿਲ ਸਕਣ।