Breaking News
Smart Media Dashmesh Mohali Walk Smart Media Insurance Point Hardev Singh Ubha

ਮਹਿਲਾ T20 ਵਿਸ਼ਵ ਕੱਪ: ਆਸਟ੍ਰੇਲੀਆ ਤੋਂ ਹਾਰ ਕੇ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ

ਲੰਡਨ, 29 ਜੂਨ, ਪੰਜਾਬੀ ਦੁਨੀਆ ਬਿਊਰੋ:

ਮਹਿਲਾ ਟੀ20 ਵਿਸ਼ਵ ਕੱਪ ਦੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਗਰੁੱਪ-ਏ ਦੇ ਲਾਰਡਸ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਦਾ ਸਫ਼ਰ ਸਮਾਪਤ ਹੋ ਗਿਆ। ਐਤਵਾਰ ਨੂੰ ਖੇਡੇ ਗਏ ਅਹਿਮ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ, ਜਦਕਿ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸੈਮੀਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਇਹ ਮੈਚ ਹਰ ਹਾਲਤ ਵਿੱਚ ਜਿੱਤਣਾ ਲਾਜ਼ਮੀ ਸੀ, ਪਰ ਟੀਮ ਟੀਚੇ ਦਾ ਸਫ਼ਲਤਾਪੂਰਵਕ ਬਚਾਅ ਨਹੀਂ ਕਰ ਸਕੀ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਅਰਧ ਸੈਂਕੜਾ ਜੜਦਿਆਂ 56 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਿਸ ਦੀ ਬਦੌਲਤ ਟੀਮ ਇੱਕ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿੱਚ ਕਾਮਯਾਬ ਰਹੀ, ਜਦਕਿ ਸਮਰਿਤੀ ਮੰਦਾਨਾ 38, ਸ਼ੈਫਾਲੀ ਵਰਮਾ ਅਤੇ ਜੈਮੀਮਾ ਰੋਡਰਿਕਸ ਨੇ 34-34 ਦੌੜਾਂ ਦਾ ਅਹਿਮ ਯੋਗਦਾਨ ਪਾਇਆ।

ਜਵਾਬ ਵਿੱਚ ਆਸਟ੍ਰੇਲੀਆ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ। ਐਲਿਸ ਪੈਰੀ (56) ਅਤੇ ਐਸ਼ਲੇ ਗਾਰਡਨਰ (53) ਨੇ ਸ਼ਾਨਦਾਰ ਅਰਧ ਸੈਂਕੜੇ ਬਣਾਏ ਅਤੇ ਟੀਮ ਨੇ 19 ਓਵਰਾਂ ਵਿੱਚ 172 ਦੌੜਾਂ ਬਣਾ ਕੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਇਸ ਪ੍ਰਦਰਸ਼ਨ ਨਾਲ ਪੈਰੀ ਗਰੁੱਪ ਪੜਾਅ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਵੀ ਰਹੀ। ਭਾਰਤ ਵੱਲੋਂ ਸ਼੍ਰੀ ਚਰਨੀ ਨੇ ਦੋ ਵਿਕਟਾਂ ਹਾਸਿਲ ਕੀਤੀਆਂ ਜਦ ਕਿ ਦੀਪਤੀ ਸ਼ਰਮਾ ਅਤੇ ਰੇਣੂਕਾ ਠਾਕੁਰ ਨੇ 1-1 ਹਾਸਿਲ ਕੀਤੀ।

ਇਸ ਹਾਰ ਨਾਲ ਭਾਰਤੀ ਟੀਮ 6 ਅੰਕਾਂ ਨਾਲ ਗਰੁੱਪ ਵਿੱਚ ਤੀਜੇ ਸਥਾਨ ‘ਤੇ ਰਹੀ ਅਤੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਦੂਜੇ ਪਾਸੇ ਆਸਟ੍ਰੇਲੀਆ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ ਨਾਕਆਊਟ ਗੇੜ ਵਿੱਚ ਮਜ਼ਬੂਤੀ ਨਾਲ ਪ੍ਰਵੇਸ਼ ਕਰ ਲਿਆ। ਭਾਰਤੀ ਟੀਮ ਦੇ ਬਾਹਰ ਹੋਣ ਨਾਲ ਪ੍ਰਸ਼ੰਸਕਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲੀ, ਹਾਲਾਂਕਿ ਟੀਮ ਨੇ ਟੂਰਨਾਮੈਂਟ ਦੌਰਾਨ ਕਈ ਮੁਕਾਬਲਿਆਂ ਵਿੱਚ ਸ਼ਾਨਦਾਰ ਜਜ਼ਬਾ ਅਤੇ ਮੁਕਾਬਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ।

Leave a Reply

Your email address will not be published. Required fields are marked *