
ਨਵੀਂ ਦਿੱਲੀ, 3 ਜੂਨ, ਪੰਜਾਬੀ ਦੁਨੀਆ ਬਿਊਰੋ:
ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋਣ ਅਤੇ ਦਰਜਨ ਦੇ ਕਰੀਬ ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਘਟਨਾ ਦੱਖਣੀ ਦਿੱਲੀ ਦੇ ਹੌਜ਼ ਰਾਣੀ ਖੇਤਰ ਵਿੱਚ ਸਥਿਤ ਬਹੁ-ਮੰਜ਼ਿਲਾ ਲੈਮਨ ਗ੍ਰੀਨ ਰੈਸਟੋਰੈਂਟ ਵਿੱਚ ਵਾਪਰੀ।
ਦਿੱਲੀ ਫਾਇਰ ਬ੍ਰਿਗੇਡ ਨੂੰ ਸਵੇਰੇ ਲਗਭਗ 9.45 ਵਜੇ ਅੱਗ ਲੱਗਣ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਅੱਗ ਬੁਝਾਊ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਰੈਸਟੋਰੈਂਟ ਦੀ ਬੇਸਮੈਂਟ ਵਿਚੋਂ ਤਿੰਨ ਲੋਕਾਂ ਨੂੰ ਬਚਾਇਆ ਗਿਆ। ਇਕ ਸੀਨੀਅਰ ਫਾਇਰ ਅਧਿਕਾਰੀ ਨੇ ਦੱਸਿਆ ਕਿ ਰੈਸਟੋਰੈਂਟ ਵਿੱਚ ਅੱਗ ‘ਤੇ ਕਾਬੂ ਪਾਉਣ ਲਈ 10 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ।
ਦਿੱਲੀ ਪੁਲਿਸ ਦੇ ਇਕ ਅਧਿਕਾਰੀ ਮੁਤਾਬਕ, ਕਰੀਬ 11 ਜ਼ਖਮੀ ਵਿਅਕਤੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ।