Breaking News
Dashmesh GS Electricals Smart Media Insurance Point Tav Prasad

‘ਆਪ’ ਨੂੰ ਮਿਲੇ ਪੂਰਨ ਬਹੁਮਤ ਬਾਅਦ, ਮੋਹਾਲੀ ‘ਚ ਮੇਅਰ ਦੇ ਅਹੁਦੇ ਲਈ ਸਿਆਸੀ ਸਰਗਰਮੀਆਂ ਤੇਜ਼

ਪ੍ਰਮੁੱਖ ਦਾਅਵੇਦਾਰਾਂ ਵਿੱਚ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਅਤੇ ਡਾ. ਸਨੀ ਆਹਲੂਵਾਲੀਆ ਦੇ ਨਾਮ ਸ਼ਾਮਲ

ਮੋਹਾਲੀ, 30 ਮਈ, ਪੰਜਾਬੀ ਦੁਨੀਆ ਬਿਊਰੋ : 

ਆਮ ਆਦਮੀ ਪਾਰਟੀ ਨੂੰ ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਮਿਲੇ ਸਪੱਸ਼ਟ ਬਹੁਮਤ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਦਾ ਧਿਆਨ ਮੇਅਰ ਦੇ ਅਹੁਦੇ ਵੱਲ ਕੇਂਦਰਿਤ ਹੋ ਗਿਆ ਹੈ। ਪਾਰਟੀ ਦੇ ਅੰਦਰ ਮੇਅਰ ਅਹੁਦੇ ਲਈ ਕਈ ਨਾਮਾਂ ਦੀ ਚਰਚਾ ਚੱਲ ਰਹੀ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਅਤੇ ਡਾ. ਸਨੀ ਸਿੰਘ ਆਹਲੂਵਾਲੀਆ ਦੇ ਨਾਮ ਸਾਹਮਣੇ ਆ ਰਹੇ ਹਨ।

ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਸੀਨੀਆਰਤਾ, ਤਜ਼ਰਬੇ ਅਤੇ ਮੋਹਾਲੀ ਦੇ ਲੋਕਾਂ ਨਾਲ ਜੁੜਾਅ ਦੇ ਮਾਮਲੇ ਵਿੱਚ ਸੁਖਦੇਵ ਸਿੰਘ ਪਟਵਾਰੀ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਹੈ। ਪਟਵਾਰੀ ਚੌਥੀ ਵਾਰ ਨਗਰ ਨਿਗਮ ਦੇ ਮੈਂਬਰ ਚੁਣੇ ਗਏ ਹਨ, ਜੋ ਉਨ੍ਹਾਂ ਦੀ ਲੋਕਪ੍ਰਿਯਤਾ ਅਤੇ ਲੋਕਾਂ ਵਿੱਚ ਮਜ਼ਬੂਤ ਪਕੜ ਨੂੰ ਦਰਸਾਉਂਦਾ ਹੈ।

ਸਿਆਸੀ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਸ਼ਹਿਰ ਦੇ ਵਿਕਾਸ, ਲੋਕ ਮੁੱਦਿਆਂ ਦੀ ਸਮਝ ਅਤੇ ਨਗਰ ਨਿਗਮ ਦੇ ਕੰਮਕਾਜ ਦੇ ਲੰਬੇ ਤਜ਼ਰਬੇ ਕਾਰਨ ਪਟਵਾਰੀ ਮੇਅਰ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਏ ਹਨ। ਸੁਖਦੇਵ ਸਿੰਘ ਪਟਵਾਰੀ ਦਾ ਲੰਬਾ ਸਮਾਂ ਸਮਾਜਿਕ ਅਤੇ ਜਨਤਕ ਜੀਵਨ ਨਾਲ ਜੁੜਿਆ ਰਿਹਾ ਹੈ। ਉਹ ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਸ਼ਹਿਰ ਦੇ ਵੱਖ-ਵੱਖ ਵਰਗਾਂ ਵਿੱਚ ਵੀ ਉਨ੍ਹਾਂ ਦੀ ਇੱਕ ਸਾਫ਼-ਸੁਥਰੀ ਅਤੇ ਲੋਕਾਂ ਨਾਲ ਜੁੜੇ ਆਗੂ ਵਜੋਂ ਪਛਾਣ ਬਣੀ ਹੋਈ ਹੈ।

ਦੂਜੇ ਪਾਸੇ ਸਰਬਜੀਤ ਸਿੰਘ ਸਮਾਣਾ ਦੂਜੀ ਵਾਰ ਕੌਂਸਲਰ ਬਣੇ ਹਨ ਅਤੇ ਉਹ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਹਨ। ਜਦਕਿ ਡਾ. ਸਨੀ ਸਿੰਘ ਆਹਲੂਵਾਲੀਆ ਪਹਿਲੀ ਵਾਰ ਨਗਰ ਨਿਗਮ ਵਿੱਚ ਚੁਣੇ ਗਏ ਹਨ। ਉਹ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਬੋਰਡ ਪੰਜਾਬ ਦੇ ਚੇਅਰਮੈਨ ਵੀ ਹਨ। ਨਾਲ ਹੀ ਉਹ ਹਾਈਕਮਾਂਡ ਦੇ ਚਹੇਤੇ ਆਗੂਆਂ ਵਿਚੋਂ ਇਕ ਹਨ ਅਤੇ ਉਹਨਾਂ ਦੀ ਬੈਕਗਰਾਉਂਡ ਵੀ ਦਿੱਲੀ ਤੋਂ ਹੈ, ਜਿਸ ਸਦਕਾ ਉਹਨਾਂ ਦਾ ਪਲੜਾ ਭਾਰੀ ਜਾਪਦਾ ਹੈ।

ਭਾਵੇਂਕਿ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਹੀ ਲਿਆ ਜਾਣਾ ਹੈ, ਪਰ ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਵੱਡੇ ਵਰਗ ਵਿੱਚ ਇਹ ਚਰਚਾ ਭਲੀਭਾਂਤ ਸਾਹਮਣੇ ਆ ਰਹੀ ਹੈ ਕਿ ਤਜ਼ਰਬੇ, ਸੀਨੀਆਰਤਾ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ ਉਤੇ ਜੁੜੇ ਹੋਏ ਆਗੂ ਦੇ ਤੌਰ ਉਤੇ ਸੁਖਦੇਵ ਸਿੰਘ ਪਟਵਾਰੀ ਮੇਅਰ ਅਹੁਦੇ ਲਈ ਇੱਕ ਮਜ਼ਬੂਤ ਦਾਅਵੇਦਾਰ ਹੋ ਸਕਦੇ ਹਨ।

ਹੁਣ ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ‘ਤੇ ਟਿਕੀਆਂ ਹੋਈਆਂ ਹਨ ਕਿ ਮੋਹਾਲੀ ਨਗਰ ਨਿਗਮ ਦੇ ਪਹਿਲੇ ਨਾਗਰਿਕ ਵਜੋਂ ਕਿਸ ਨੂੰ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।

Leave a Reply

Your email address will not be published. Required fields are marked *