
ਚੰਡੀਗੜ੍ਹ, 15 ਮਈ, ਪੰਜਾਬੀ ਦੁਨੀਆ ਬਿਊਰੋ :
ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ, ਸਾਬਕਾ ਡਾਇਰੈਕਟਰ ਪੰਜਾਬ ਮੰਡੀ ਬੋਰਡ ਅਤੇ ਪ੍ਰਮੁੱਖ ਕਿਸਾਨ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਇਕ ਜਾਰੀ ਕੀਤੇ ਗਏ ਬਿਆਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਅੰਦਰ ਡੀਜ਼ਲ ਦੀਆਂ ਕੀਮਤਾਂ ਵਿੱਚ ਚਾਰ ਵਾਰ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਈ ਵਾਰ ਵਾਧਾ ਹੋਇਆ ਹੈ ਜਦਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ, ਪਰ ਤੇਲ ਦੀਆਂ ਕੀਮਤਾਂ ਜਿਸ ਤਰ੍ਹਾਂ ਵਧੀਆਂ ਹਨ, ਉਸ ਅਨੁਪਾਤ ਵਿੱਚ ਕੀਮਤਾਂ ਘਟਾਈਆਂ ਨਹੀਂ ਗਈਆਂ। ਇਹ ਵਰਤਾਰਾ ਬਹੁਤ ਹੀ ਨਜ਼ਾਇਜ਼ ਅਤੇ ਲੋਕ ਞਿਰੋਧੀ ਹੈ। ਮੋਦੀ ਸਰਕਾਰ ਦੀ ਨੋਟਬੰਦੀ ਦੇ ਫੈਸਲੇ ਦੀ, ਪੰਜਾਬ ਦੇ ਕਿਸਾਨ ਅਤੇ ਗਰੀਬ ਦੁਪਹੀਆ ਮਾਲਕ ਪਹਿਲਾਂ ਹੀ ਮਾਰ ਝੱਲ ਰਹੇ ਸਨ, ਪਰ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਗਰੀਬ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਪੰਜਾਬ ‘ਚ ਵੈਟ ਦੀ ਦਰ ਗੁਆਂਢੀ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਗਰੀਬ ਲੋਕਾਂ ਵਿੱਚ ਨਮੋਸ਼ੀ ਤਾਂ ਹੈ ਹੀ, ਇਸ ਦੇ ਨਾਲ ਬਾਰਡਰ ਦੇ ਪੰਪ ਮਾਲਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਲਈ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ ਕੀਤਾ ਗਿਆ ਵਾਧੇ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।