
ਫੇਜ਼ 5 ਆਰਐਮਸੀ ਪੁਆਇੰਟ ’ਤੇ ਧਰਨੇ ਦਾ ਦੂਜਾ ਦਿਨ ਵੀ ਜਾਰੀ
ਮੋਹਾਲੀ, 16 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਮੋਹਾਲੀ ਦੇ ਫੇਜ਼ 5 ਸਥਿਤ ਆਰਐਮਸੀ ਪੁਆਇੰਟ ਦੇ ਕੋਲ ਲੱਗੇ ਧਰਨੇ ਨੇ ਅੱਜ ਦੂਜੇ ਦਿਨ ਵੀ ਤੀਬਰ ਰੂਪ ਧਾਰ ਲਿਆ, ਜਿੱਥੇ ਇਲਾਕਾ ਵਸਨੀਕਾਂ ਦੇ ਨਾਲ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖੁਦ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨਾਲ ਬੈਠ ਕੇ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਕਿਹਾ ਕਿ “ਜੇ ਬਾਗ ਦਾ ਮਾਲੀ ਹੀ ਬੇਈਮਾਨ ਹੋ ਜਾਵੇ, ਤਾਂ ਨਾ ਉੱਥੇ ਫੁੱਲ ਖਿੜਦੇ ਹਨ ਤੇ ਨਾ ਹੀ ਫਲ ਲੱਗਦੇ ਹਨ,” ਜੋ ਮੌਜੂਦਾ ਹਾਲਾਤਾਂ ’ਤੇ ਬਿਲਕੁਲ ਫਿੱਟ ਬੈਠਦਾ ਹੈ।
ਜੀਤੀ ਸਿੱਧੂ ਨੇ ਕਿਹਾ ਕਿ ਧਰਨਾ ਪਰਸੋਂ ਰਾਤ ਤੋਂ ਲਗਾਤਾਰ ਜਾਰੀ ਹੈ ਅਤੇ ਇਲਾਕੇ ਦੇ ਸੀਨੀਅਰ ਨਾਗਰਿਕ, ਮਹਿਲਾਵਾਂ ਅਤੇ ਨੌਜਵਾਨ ਸਾਰੇ ਇਸ ਵਿੱਚ ਸ਼ਾਮਲ ਹਨ, ਪਰ ਸਰਕਾਰ ਦੀ ਕਾਰਵਾਈ ਦੀ ਗਤੀ ਬਹੁਤ ਹੌਲੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਐਮਐਲਏ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੂੜਾ ਚੁੱਕਣ ਲਈ ਟਰਾਲੀਆਂ ਭੇਜੀਆਂ ਜਾ ਰਹੀਆਂ ਹਨ, ਪਰ ਮੌਕੇ ਦੀ ਸਥਿਤੀ ਕੁਝ ਹੋਰ ਹੀ ਦਰਸਾ ਰਹੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਅੱਜ ਵੀ ਨਵਾਂ ਕੂੜਾ ਉੱਥੇ ਸੁੱਟਿਆ ਜਾ ਰਿਹਾ ਹੈ, ਜਦਕਿ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਕੂੜੇ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ। “ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ,” ਜੀਤੀ ਸਿੱਧੂ ਨੇ ਤਿੱਖੇ ਲਹਿਜ਼ੇ ’ਚ ਕਿਹਾ।
ਸਾਬਕਾ ਮੇਅਰ ਨੇ ਅੱਗ ਦੇ ਖਤਰੇ ਨੂੰ ਵੀ ਗੰਭੀਰ ਦੱਸਦੇ ਹੋਏ ਚੇਤਾਵਨੀ ਦਿੱਤੀ ਕਿ ਇਹ ਸਮੱਸਿਆ ਸਿਰਫ਼ ਉਪਰਲੀ ਤਹਿ ’ਤੇ ਖਤਮ ਨਹੀਂ ਹੋਈ। “ਅੱਗ ਬੁਝੀ ਨਹੀਂ, ਸਿਰਫ਼ ਦਿਖਣੀ ਬੰਦ ਹੋਈ ਹੈ। ਇਹ ਅੰਦਰ ਹੀ ਅੰਦਰ ਸੜ ਰਹੀ ਹੈ ਅਤੇ ਕਿਸੇ ਵੀ ਵੇਲੇ ਦੁਬਾਰਾ ਭੜਕ ਸਕਦੀ ਹੈ,” ਉਨ੍ਹਾਂ ਕਿਹਾ। ਉਨ੍ਹਾਂ ਇਹ ਵੀ ਜੋੜਿਆ ਕਿ ਗਰਮੀ ਦੇ ਮੌਸਮ ਵਿੱਚ ਇਹ ਅੱਗ ਮਹੀਨਿਆਂ ਤੱਕ ਚੱਲ ਸਕਦੀ ਹੈ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੱਡਾ ਖਤਰਾ ਬਣਿਆ ਰਹੇਗਾ।
ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਿਰਫ਼ 24 ਜਾਂ 48 ਘੰਟਿਆਂ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ, ਸਗੋਂ ਲਗਾਤਾਰ ਅਤੇ ਗੰਭੀਰ ਕੋਸ਼ਿਸ਼ਾਂ ਦੀ ਲੋੜ ਹੈ।
ਜੀਤੀ ਸਿੱਧੂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਮਿਸ਼ਨਰ ਨਾਲ ਗੱਲਬਾਤ ਹੋਈ ਸੀ ਅਤੇ ਉਹ ਕਮਿਸ਼ਨਰ ਨੂੰ ਵੀ ਇਸ ਸਬੰਧੀ ਮਿਲਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਵੱਡਾ ਖਤਰਾ ਵੀ ਉਠਾਇਆ ਕਿ ਇਸ ਇਲਾਕੇ ਦੇ ਨੇੜੇ ਪੀਟੀਐਲ ਫੈਕਟਰੀ ਵਿੱਚ ਗੈਸ ਸਿਲੰਡਰ, ਕੈਮੀਕਲ ਅਤੇ ਬਿਜਲੀ ਦਾ ਗਰਿਡ ਮੌਜੂਦ ਹੈ। ਜੇਕਰ ਅੱਗ ਦੁਬਾਰਾ ਭੜਕਦੀ ਹੈ, ਤਾਂ ਇਹ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। “ਜੇਕਰ ਕੋਈ ਵੱਡੀ ਘਟਨਾ ਹੋ ਗਈ, ਤਾਂ ਫਿਰ ਕੋਈ ਮੂੰਹ ਨਹੀਂ ਦਿਖਾਵੇਗਾ,” ਉਨ੍ਹਾਂ ਚੇਤਾਵਨੀ ਦਿੱਤੀ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸਦੀ ਪੂਰੀ ਜ਼ਿੰਮੇਵਾਰੀ ਸਰਕਾਰ, ਵਿਧਾਇਕ ਅਤੇ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਹੁਣ ਚੁੱਪ ਨਹੀਂ ਬੈਠਣਗੇ ਅਤੇ ਜਦ ਤੱਕ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ, ਧਰਨਾ ਜਾਰੀ ਰਹੇਗਾ।
ਧਰਨੇ ’ਚ ਬੈਠੇ ਲੋਕਾਂ ਨੇ ਵੀ ਸਰਕਾਰ ਖ਼ਿਲਾਫ਼ ਨਾਰਾਜ਼ਗੀ ਜਤਾਈ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਸਲਾ ਸਿਹਤ, ਸੁਰੱਖਿਆ ਅਤੇ ਵਾਤਾਵਰਣ ਨਾਲ ਜੁੜਿਆ ਹੋਇਆ ਹੈ ਅਤੇ ਇਸਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ।