Breaking News
Smart Media Dashmesh Insurance Point

ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਰੰਗ ਸੁੱਟਣ ’ਤੇ ਪਾਬੰਦੀ

ਹੋਲਾ-ਮਹੱਲਾ ਮੌਕੇ ਸਿੱਖ ਕੌਮ ਦੇ ਨਾਮ ਜਥੇਦਾਰ ਗੜਗੱਜ ਨੇ ਜਾਰੀ ਕੀਤਾ ਸੰਦੇਸ਼

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਇਕ ਅਹਿਮ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਣ ਵਾਲਾ ਹੋਲਾ-ਮਹੱਲਾ, ਖ਼ਾਲਸਾ ਪੰਥ ਦਾ ਕੌਮੀ ਤਿਉਹਾਰ ਹੈ। ਇਹ ਤਿਉਹਾਰ ਗੁਰਮਤਿ ਮਰਿਆਦਾ ਅਤੇ ਪੂਰਨ ਜ਼ਾਬਤੇ ਅਨੁਸਾਰ ਮਨਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ 26 ਫ਼ਰਵਰੀ ਨੂੰ ਰਾਤ 12:00 ਵਜੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਪੰਜ ਨਗਾਰਿਆਂ ’ਤੇ ਚੋਟ ਲਗਾ ਕੇ ਹੋਲਾ-ਮਹੱਲਾ ਦੀ ਆਰੰਭਤਾ ਕੀਤੀ ਜਾਵੇਗੀ। 27 ਫ਼ਰਵਰੀ ਨੂੰ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 1 ਮਾਰਚ ਨੂੰ ਪਾਏ ਜਾਣਗੇ। ਇਸੇ ਤਰ੍ਹਾਂ 2 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 4 ਮਾਰਚ ਨੂੰ ਸੰਪੂਰਨ ਭੋਗ ਪਾਏ ਜਾਣਗੇ।

ਇਸ ਦੌਰਾਨ ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਰੰਗ ਵੇਚਣ ਅਤੇ ਇਕ-ਦੂਜੇ ਉਤੇ ਰੰਗ ਸੁੱਟਣ ’ਤੇ ਪੂਰਨ ਪਾਬੰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਾਡਾ ਹੋਲਾ-ਮਹੱਲਾ ਗੁਰਬਾਣੀ ਅਤੇ ਨਾਮ ਦੇ ਰੰਗ ਵਿਚ ਰੰਗੇ ਜਾਣ ਦਾ ਤਿਉਹਾਰ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਰੰਗਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਨਿਹੰਗ ਸਿੰਘ ਫ਼ੌਜਾਂ ਅਪਣੀ ਪ੍ਰੰਪਰਾਗਤ ਮਰਿਆਦਾ ਅਨੁਸਾਰ ਸੀਮਿਤ ਗੁਲਾਲ ਦੀ ਵਰਤੋਂ ਕਰਦੀਆਂ ਹਨ, ਪਰ ਆਮ ਸੰਗਤ ਉਪਰ ਰੰਗ ਸੁੱਟਣ ਜਾਂ ਵੇਚਣ ਦੀ ਮਨਾਹੀ ਹੈ।

ਉਨ੍ਹਾਂ ਨੌਜਵਾਨਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਅਪਣੇ ਟਰੈਕਟਰਾਂ ਅਤੇ ਵਾਹਨਾਂ ਨੂੰ ਖ਼ਾਲਸਾਈ ਨਿਸ਼ਾਨ ਸਾਹਿਬ ਨਾਲ ਸਜਾ ਕੇ ਪੂਰਨ ਜ਼ਾਬਤੇ ਅਤੇ ਅਨੁਸ਼ਾਸਨ ਵਿਚ ਰਹਿੰਦੇ ਹੋਏ ਚੜ੍ਹਦੀ ਕਲਾ ਨਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ।

ਉਨ੍ਹਾਂ ਕਿਹਾ ਕਿ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਹੈ ਅਤੇ ਫ਼ੌਜ ਦਾ ਪਹਿਲਾ ਗੁਣ ਜ਼ਾਬਤਾ ਹੈ, ਇਸ ਲਈ ਹਰ ਸੰਗਤ ਗੁਰੂ ਦੇ ਹੁਕਮ ਅਨੁਸਾਰ ਤਿਉਹਾਰ ਮਨਾਏ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਧਾਰਮਕ ਦੀਵਾਨਾਂ ’ਚ ਸ਼ਾਮਲ ਹੋ ਕੇ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਕਵੀਸ਼ਰੀ ਅਤੇ ਗੁਰੂ ਇਤਿਹਾਸ ਦਾ ਆਨੰਦ ਮਾਨਣ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ।

Leave a Reply

Your email address will not be published. Required fields are marked *