
ਇੰਗਲੈਂਡ ਨੂੰ ਫਾਈਨਲ ਮੈਚ ‘ਚ 100 ਦੌੜਾਂ ਦੇ ਰਿਕਾਰਡਤੋੜ ਫਰਕ ਨਾਲ ਹਰਾਇਆ
ਵੈਭਵ ਸੂਰਿਆਵੰਸੀ ਨੇ 80 ਗੇਂਦਾਂ ਵਿੱਚ ਰਿਕਾਰਡ 175 ਦੌੜਾਂ ਬਣਾਈਆਂ
ਚੰਡੀਗੜ੍ਹ/ਹਰਾਰੇ, 6 ਫਰਵਰੀ, ਮਨਜੀਤ ਸਿੰਘ ਚਾਨਾ ਦੀ ਰਿਪੋਰਟ :
ਅੰਡਰ-19 ਵਿਸ਼ਵ ਕੱਪ ਕ੍ਰਿਕਟ ਦੇ ਹਰਾਰੇ ਕ੍ਰਿਕਟ ਗਰਾਊਂਡ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਹ ਫਾਈਨਲ ਮੈਚ ਭਾਰਤੀ ਨੌਜਵਾਨ ਖਿਡਾਰੀਆਂ ਦੀ ਕਾਬਲਿਯਤ, ਆਤਮ ਵਿਸ਼ਵਾਸ ਅਤੇ ਟੀਮ ਵਰਕ ਦਾ ਸ਼ਾਨਦਾਰ ਉਦਾਹਰਣ ਰਿਹਾ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿੱਚ 411 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰਦਿਆਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ। ਭਾਰਤ ਦੀ ਇਸ ਇਤਿਹਾਸਕ ਪਾਰੀ ਦੇ ਹੀਰੋ ਰਹੇ ਵੈਭਵ ਸੂਰਿਆਵੰਸੀ, ਜਿਸ ਨੇ ਸਿਰਫ਼ 80 ਗੇਂਦਾਂ ਵਿੱਚ ਰਿਕਾਰਡ 175 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦੀ ਇਸ ਪਾਰੀ ਵਿੱਚ ਸ਼ਾਨਦਾਰ ਟਾਈਮਿੰਗ, ਤਾਕਤਵਰ ਸ਼ਾਟਸ ਅਤੇ ਬੇਮਿਸਾਲ ਆਕਰਮਕਤਾ ਦੇਖਣ ਨੂੰ ਮਿਲੀ। ਉਹਨਾਂ ਆਪਣੇ ਪਾਰੀ ਦੌਰਾਨ 15 ਚੌਕੇ ਅਤੇ 15 ਛੱਕੇ ਲਗਾਏ। ਇਸ ਬੇਮਿਸਾਲ ਪ੍ਰਦਰਸ਼ਨ ਲਈ ਉਨ੍ਹਾਂ ਨੂੰ “ਮੈਨ ਆਫ਼ ਦ ਮੈਚ” ਚੁਣਿਆ ਗਿਆ।

ਕਪਤਾਨ ਮਾਤਰੇ ਨੇ ਵੀ ਜ਼ਿੰਮੇਵਾਰ ਬੱਲੇਬਾਜ਼ੀ ਕਰਦਿਆਂ 53 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। ਹੋਰ ਬੱਲੇਬਾਜ਼ਾਂ ਵਿੱਚ ਵੇਦਾਂਤ ਤ੍ਰਿਵੇਦੀ (32), ਵਿਹਾਨ ਮਲਹੋਤਰਾ (30), ਕਨਿਸ਼ਕ ਚੌਹਾਨ (37) ਅਤੇ ਵਿਕਟਕੀਪਰ ਬੱਲੇਬਾਜ਼ ਵਿਹਾਨ ਕੁੰਡੂ (40) ਨੇ ਟੀਮ ਵਲੋਂ ਵੱਡਾ ਸਕੋਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਭਾਰਤ ਵੱਲੋਂ ਜਿੱਤ ਲਈ ਮਿੱਥੇ 412 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੀ ਪਹਿਲੀ ਵਿਕਟ 19 ਦੌੜਾਂ ‘ਤੇ ਡਿੱਗ ਗਈ। ਹਾਲਾਂਕਿ ਬੈਨ ਡਾਕਨਸ (66) ਅਤੇ ਬੈਨ ਮੇਅਜ (45) ਨੇ ਦੂਜੀ ਵਿਕਟ ਲਈ 74 ਦੌੜਾਂ ਦੀ ਸਾਂਝੀਦਾਰੀ ਕਰਕੇ ਸਕੋਰ ਨੂੰ 93 ਤੱਕ ਪਹੁੰਚਾਇਆ, ਜਦਕਿ ਕਪਤਾਨ ਥੌਮਸ ਰਿਓ 31 ਦੌੜਾਂ ਬਣਾ ਕੇ ਕਨਿਸ਼ਕ ਚੌਹਾਨ ਦੀ ਗੇਂਦ ‘ਤੇ ਆਉਟ ਹੋ ਗਏ, ਇਸ ਸਮੇਂ ਇੰਗਲੈਂਡ ਦੀ ਟੀਮ 143 ਦੌੜਾਂ ‘ਤੇ ਤਿੰਨ ਵਿਕਟਾਂ ਗਵਾ ਚੁੱਕੀ ਸੀ।
ਇੰਗਲੈਂਡ ਵੱਲੋਂ ਸੈਲਬ ਫੌਲਕਨਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 67 ਗੇਂਦਾਂ ‘ਤੇ 115 ਦੌੜਾਂ ਬਣਾਈਆਂ, ਜਿਸ ਵਿੱਚ 9 ਚੌਕੇ ਅਤੇ 7 ਛੱਕੇ ਸ਼ਾਮਿਲ ਸਨ। ਪਰ ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਨਹੀਂ ਕਰ ਸਕਿਆ। ਨਤੀਜੇ ਵਜੋਂ ਇੰਗਲੈਂਡ ਦੀ ਪੂਰੀ ਟੀਮ 40.2 ਓਵਰਾਂ ਵਿੱਚ 311 ਦੌੜਾਂ ‘ਤੇ ਆਲ ਆਊਟ ਹੋ ਗਈ।

ਭਾਰਤ ਵੱਲੋਂ ਓਮਰੇਸ਼ ਨੇ 3 ਵਿਕਟਾਂ, ਜਦਕਿ ਦਿਪੇਸ਼ ਦਵਿੰਦਰਨ ਅਤੇ ਕਨਿਸ਼ਕ ਚੌਹਾਨ ਨੇ 2-2 ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਕਪਤਾਨਕ ਯੁਸ਼ਮਾ ਪਟੇਲ ਦੇ ਹਿੱਸੇ 1-1 ਵਿਕਟ ਆਈ।
ਇਸ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਅੰਡਰ-19 ਵਿਸ਼ਵ ਕੱਪ ਕ੍ਰਿਕਟ ਦਾ ਛੇਵਾਂ ਖਿਤਾਬ ਆਪਣੇ ਨਾਮ ਕੀਤਾ ਅਤੇ ਇੱਕ ਵਾਰ ਫਿਰ ਨੌਜਵਾਨ ਕ੍ਰਿਕਟ ਵਿੱਚ ਆਪਣੀ ਬਾਦਸ਼ਾਹੀ ਸਾਬਤ ਕੀਤੀ।