Breaking News
Smart Media Dashmesh Mohali Walk Smart Media Insurance Point Hardev Singh Ubha

T20 ਵਿਸ਼ਵ ਕੱਪ: ਅਭਿਆਸ ਮੈਚ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 30 ਦੌੜਾਂ ਨਾਲ ਹਰਾਇਆ

ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 240 ਦੌੜਾਂ ਬਣਾਈਆਂ

ਇਸ਼ਾਨ ਕਿਸ਼ਨ ਨੇ ਸਿਰਫ਼ 20 ਗੇਂਦਾਂ ‘ਚ 53 ਦੌੜਾਂ ਦਾ ਤੂਫ਼ਾਨੀ ਅਰਧ ਸੈਂਕੜਾ ਜੜਿਆ

ਮੁੰਬਈ, 4 ਫਰਵਰੀ, ਪੰਜਾਬੀ ਦੁਨੀਆ ਬਿਊਰੋ :

ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਤਿਆਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ ਅਭਿਆਸ ਮੈਚ ਵਿੱਚ 30 ਦੌੜਾਂ ਨਾਲ ਮਾਤ ਦਿੱਤੀ। ਨਵੀਂ ਮੁੰਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 240 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।

ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 20 ਗੇਂਦਾਂ ਵਿੱਚ 53 ਦੌੜਾਂ ਦਾ ਤੂਫ਼ਾਨੀ ਅਰਧ ਸੈਂਕੜਾ ਜੜਿਆ, ਉਸਦੀ ਪਾਰੀ ਵਿੱਚ ਦੋ ਚੌਕੇ ਅਤੇ ਸੱਤ ਉੱਚੇ ਛੱਕੇ ਸ਼ਾਮਿਲ ਸਨ, ਜਿਸ ਨਾਲ ਦਰਸ਼ਕਾਂ ਵਿੱਚ ਖੂਬ ਜੋਸ਼ ਵੇਖਣ ਨੂੰ ਮਿਲਿਆ। ਇਸ਼ਾਨ ਨੂੰ ਅਭਿਸ਼ੇਕ ਸ਼ਰਮਾ ਨੇ ਵਧੀਆ ਸਾਥ ਦਿੱਤਾ, ਜਿਸਨੇ 18 ਗੇਂਦਾਂ ਵਿੱਚ 24 ਦੌੜਾਂ ਬਣਾਈਆਂ। ਕਪਤਾਨ ਸੂਰਿਆ ਕੁਮਾਰ ਯਾਦਵ ਨੇ 16 ਗੇਂਦਾਂ ‘ਚ 30 ਦੌੜਾਂ ਜੋੜ ਕੇ ਪਾਰੀ ਨੂੰ ਤੇਜ਼ੀ ਦਿੱਤੀ।

ਮੱਧ ਕ੍ਰਮ ਵਿੱਚ ਅਕਸ਼ਰ ਪਟੇਲ ਨੇ 23 ਗੇਂਦਾਂ ‘ਚ 35 ਦੌੜਾਂ ਬਣਾਈਆਂ ਜਦਕਿ ਹਾਰਦਿਕ ਪਾਂਡਿਆ ਨੇ ਲਾਭਦਾਇਕ 30 ਦੌੜਾਂ ਦਾ ਯੋਗਦਾਨ ਦਿੱਤਾ। ਸੱਟ ਤੋਂ ਬਾਅਦ ਟੀਮ ਵਿੱਚ ਵਾਪਸੀ ਕਰਨ ਵਾਲੇ ਤਿਲਕ ਵਰਮਾ ਨੇ ਖਾਸ ਪ੍ਰਭਾਵ ਛੱਡਿਆ ਅਤੇ ਸਿਰਫ਼ 19 ਗੇਂਦਾਂ ਵਿੱਚ 45 ਦੌੜਾਂ ਬਣਾ ਕੇ ਆਪਣੀ ਫਾਰਮ ਦਾ ਇਸ਼ਾਰਾ ਦਿੱਤਾ। ਭਾਰਤੀ ਟੀਮ ਦਾ ਆਕਰਮਕ ਰਵੱਈਆ ਦੱਖਣੀ ਅਫਰੀਕੀ ਗੇਂਦਬਾਜ਼ਾਂ ‘ਤੇ ਪੂਰੀ ਤਰ੍ਹਾਂ ਭਾਰੀ ਪਿਆ।

241 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਕਾਫ਼ੀ ਕਮਜ਼ੋਰ ਰਹੀ। ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਸਲਾਮੀ ਬੱਲੇਬਾਜ਼ ਲੀਨਡੇ ਨੂੰ ਜੀਰੋ ‘ਤੇ ਆਊਟ ਕਰਕੇ ਵੱਡਾ ਝਟਕਾ ਦਿੱਤਾ। ਕਪਤਾਨ ਐਡਮ ਮਾਰਕਰਾਮ ਨੇ 38 ਦੌੜਾਂ ਬਣਾਈਆਂ ਪਰ ਉਹ ਚੋਟ ਕਾਰਨ ਰਿਟਾਇਰਡ ਹਰਟ ਹੋ ਗਏ।

ਅਫਰੀਕਾ ਵੱਲੋਂ ਰਾਇਨ ਰਿਕਲਟਨ ਨੇ 21 ਗੇਂਦਾਂ ‘ਚ 44 ਅਤੇ ਸਮਿਥ ਨੇ 35 ਦੌੜਾਂ ਬਣਾਈਆਂ। ਅੰਤ ਵਿੱਚ ਟ੍ਰਿਸਟਨ ਸਟੱਬਸ (ਨਾਬਾਦ 45) ਅਤੇ ਮਾਰਕੋ ਜੈਨਸਨ (31) ਨੇ ਬਿਹਤਰ ਸਾਂਝੇਦਾਰੀ ਨਿਭਾਈ, ਪਰ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਇਸ ਦੌਰਾਨ ਪੂਰੀ ਟੀਮ 20 ਓਵਰਾਂ ਵਿੱਚ 7 ਵਿਕਟਾਂ ‘ਤੇ 210 ਦੌੜਾਂ ਹੀ ਬਣਾ ਸਕੀ।

ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਅਭਿਸ਼ੇਕ ਸ਼ਰਮਾ ਨੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਅਕਸ਼ਰ ਪਟੇਲ, ਸ਼ਿਵਮ ਦੂਬੇ, ਕੁਲਦੀਪ ਯਾਦਵ ਅਤੇ ਵਰੁਣ ਚਕਰਵਰਤੀ ਨੂੰ ਇੱਕ-ਇੱਕ ਸਫਲਤਾ ਮਿਲੀ। ਇਸ ਜਿੱਤ ਨਾਲ ਭਾਰਤੀ ਟੀਮ ਦਾ ਹੌਸਲਾ ਕਾਫ਼ੀ ਵਧਿਆ ਹੈ ਅਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਦੀ ਫਾਰਮ ਕਾਫ਼ੀ ਮਜ਼ਬੂਤ ਨਜ਼ਰ ਆ ਰਹੀ ਹੈ।

Leave a Reply

Your email address will not be published. Required fields are marked *