
6 ਫਰਵਰੀ ਨੂੰ ਇੰਗਲੈਂਡ ਨਾਲ ਫਾਈਨਲ ਮੁਕਾਬਲਾ
ਭਾਰਤ ਨੇ ਸਿਰਫ਼ 41.1 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਬਣਾਈਆਂ 311 ਦੌੜਾਂ
ਚੰਡੀਗੜ੍ਹ/ਹਰਾਰੇ, 4 ਫਰਵਰੀ, ਮਨਜੀਤ ਸਿੰਘ ਚਾਨਾ :
ਆਈਸੀਸੀ ਅੰਡਰ-19 ਵਿਸ਼ਵ ਕੱਪ 2026 ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜੇ ਸੈਮੀਫਾਈਨਲ ਮੈਚ ਵਿੱਚ ਅਫਗਾਨਿਸਤਾਨ ਨੂੰ ਅੱਜ 7 ਵਿਕਟਾਂ ਦੇ ਵੱਡੇ ਅੰਤਰ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਜਿੱਤ ਨਾ ਸਿਰਫ਼ ਭਾਰਤ ਦੀ ਤਾਕਤ ਦਰਸਾਉਂਦੀ ਹੈ, ਸਗੋਂ ਟੂਰਨਾਮੈਂਟ ਵਿੱਚ ਉਸਦੀ ਲਗਾਤਾਰ ਅਜੇਤੂ ਦੌੜ ਨੂੰ ਵੀ ਮਜ਼ਬੂਤ ਕਰਦੀ ਹੈ।
ਦੂਜੇ ਸੈਮੀਫਾਈਨਲ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ। ਅਫਗਾਨਿਸਤਾਨ ਵੱਲੋਂ ਦੋ ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਲਗਾ ਕੇ ਭਾਰਤੀ ਗੇਂਦਬਾਜ਼ੀ ਨੂੰ ਚੁਣੌਤੀ ਦਿੱਤੀ। ਵੱਡੇ ਟੀਚੇ ਕਾਰਨ ਮੈਚ ਦਿਲਚਸਪ ਬਣ ਗਿਆ ਸੀ।
311 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਬੇਹੱਦ ਆਤਮ ਵਿਸ਼ਵਾਸ ਅਤੇ ਆਕਰਮਕ ਰਵੱਈਏ ਨਾਲ ਖੇਡ ਦਿਖਾਈ। ਭਾਰਤ ਦੀ ਸ਼ੁਰੂਆਤ ਕਾਫੀ ਜ਼ਬਰਦਸਤ ਰਹੀ। ਸੂਰਿਆਵੰਸੀ ਨੇ ਸਿਰਫ਼ 33 ਗੇਂਦਾਂ ਵਿੱਚ 68 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡਦਿਆਂ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਉਸਨੇ ਓਪਨਰ ਐਰਨ ਜੌਰਜ ਨਾਲ ਮਿਲ ਕੇ ਪਹਿਲੀ ਵਿਕਟ ਲਈ 90 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਿਭਾਈ।

ਮੈਚ ਦੇ ਹੀਰੋ ਸਾਬਤ ਹੋਏ ਸਲਾਮੀ ਬੱਲੇਬਾਜ਼ ਐਰਨ ਜੌਰਜ, ਜਿਨ੍ਹਾਂ ਨੇ 104 ਗੇਂਦਾਂ ਵਿੱਚ 115 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸਦੀ ਸੰਭਲ ਕੇ ਅਤੇ ਸਮਝਦਾਰੀ ਨਾਲ ਖੇਡੀ ਗਈ ਇਨਿੰਗ ਨੇ ਭਾਰਤ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਮੱਧ ਕ੍ਰਮ ਵਿੱਚ ਆਯੂਸ਼ ਨੇ 62 ਦੌੜਾਂ ਬਣਾਈਆਂ, ਜਦਕਿ ਵਿਹਾਨ ਨੇ 38 ਨਾਬਾਦ ਦੌੜਾਂ ਬਣਾ ਕੇ ਟੀਮ ਨੂੰ ਮੰਜ਼ਿਲ ਤੱਕ ਪਹੁੰਚਾਇਆ। ਭਾਰਤ ਨੇ ਇਹ ਵੱਡਾ ਟੀਚਾ ਸਿਰਫ਼ 41.1 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ ਹਾਸਿਲ ਕਰ ਲਿਆ।
ਸੈਂਕੜਾ ਬਣਾਉਣ ਲਈ ਐਰਨ ਜੌਰਜ ਨੂੰ ‘ਮੈਨ ਆਫ਼ ਦ ਮੈਚ’ ਘੋਸ਼ਿਤ ਕੀਤਾ ਗਿਆ। ਇਸ ਜਿੱਤ ਨਾਲ ਭਾਰਤ ਨੇ ਟੂਰਨਾਮੈਂਟ ਵਿੱਚ ਆਪਣੇ ਸਾਰੇ 6 ਦੇ 6 ਮੈਚ ਜਿੱਤ ਕੇ ਅਜੇਤੂ ਰਹਿਣ ਦਾ ਰਿਕਾਰਡ ਕਾਇਮ ਰੱਖਿਆ ਹੈ। ਭਾਰਤੀ ਟੀਮ ਹੁਣ 6 ਫਰਵਰੀ ਨੂੰ ਹਰਾਰੇ ਸਪੋਰਟਸ ਕਲੱਬ ਵਿੱਚ ਫਾਈਨਲ ਮੁਕਾਬਲਾ ਇੰਗਲੈਂਡ ਨਾਲ ਖੇਡੇਗੀ।
ਖਾਸ ਗੱਲ ਇਹ ਹੈ ਕਿ ਭਾਰਤ ਦਸਵੀਂ ਵਾਰ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ ਹੈ, ਜੋ ਉਸਦੀ ਮਜ਼ਬੂਤ ਯੂਥ ਕ੍ਰਿਕਟ ਪ੍ਰਣਾਲੀ ਨੂੰ ਦਰਸਾਉਂਦਾ ਹੈ।