Breaking News
Smart Media Dashmesh Insurance Point

IND vs NZ T20: ਭਾਰਤ ਨੇ ਨਿਊਜ਼ੀਲੈਂਡ ਨੂੰ ਇਕਤਰਫਾ ਮੈਚ ‘ਚ 7 ਵਿਕਟਾਂ ਨਾਲ ਹਰਾਇਆ

ਭਾਰਤੀ ਟੀਮ ਨੇ 5 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਬੜਤ ਬਣਾਈ

ਬਿਹਤਰੀਨ ਬੱਲੇਬਾਜ਼ੀ ਸਦਕਾ ਈਸ਼ਾਨ ਕਿਸ਼ਨ ਨੂੰ ਮੈਨ ਆਫ ਦੀ ਮੈਚ ਚੁਣਿਆ

ਰਾਏਪੁਰ, 23 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਪੰਜ ਮੈਚਾਂ ਦੀ ਟੀ–20 ਸੀਰੀਜ਼ ਦਾ ਰਾਏਪੁਰ ਵਿਖੇ ਖੇਡਿਆ ਗਿਆ ਦੂਜਾ ਮੁਕਾਬਲਾ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੱਤ ਵਿਕਟਾਂ ਨਾਲ ਆਪਣੇ ਨਾਮ ਕਰ ਲਿਆ। ਨਿਊਜ਼ੀਲੈਂਡ ਵੱਲੋਂ ਮਿਲੇ 209 ਦੌੜਾਂ ਦੇ ਵੱਡੇ ਟੀਚੇ ਨੂੰ ਭਾਰਤ ਨੇ ਸਿਰਫ਼ 15.2 ਓਵਰਾਂ ਵਿੱਚ ਹੀ ਹਾਸਲ ਕਰ ਲਿਆ, ਜੋ ਕਿ ਟੀ–20 ਕ੍ਰਿਕਟ ਵਿੱਚ ਇੱਕ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਹੈ।

ਭਾਰਤ ਦੀ ਸ਼ੁਰੂਆਤ ਹਾਲਾਂਕਿ ਕੁਝ ਖ਼ਾਸ ਨਹੀਂ ਰਹੀ। ਦੋਵੇਂ ਓਪਨਰ ਪਹਿਲੇ ਦੋ ਓਵਰਾਂ ਵਿੱਚ ਹੀ ਪੈਵਿਲੀਅਨ ਵਾਪਸ ਚਲੇ ਗਏ, ਜਿਸ ਨਾਲ ਭਾਰਤ ‘ਤੇ ਦਬਾਅ ਬਣ ਗਿਆ। ਪਰ ਇਸ ਤੋਂ ਬਾਅਦ ਇਸ਼ਾਨ ਕਿਸ਼ਨ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਮੈਚ ਦਾ ਰੁਖ ਹੀ ਬਦਲ ਦਿੱਤਾ। ਕਿਸ਼ਨ ਨੇ ਸਿਰਫ਼ 32 ਗੇਂਦਾਂ ਵਿੱਚ 76 ਦੌੜਾਂ ਬਣਾਈਆਂ ਅਤੇ 21 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਦੀ ਇਸ ਧਮਾਕੇਦਾਰ ਪਾਰੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਬੇਵੱਸ ਕਰ ਦਿੱਤਾ। ਬਿਹਤਰੀਨ ਬੱਲੇਬਾਜ਼ੀ ਸਦਕਾ ਈਸ਼ਾਨ ਕਿਸ਼ਨ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

ਕਿਸ਼ਨ ਨੂੰ ਕਪਤਾਨ ਸੂਰਿਆ ਕੁਮਾਰ ਯਾਦਵ ਦਾ ਭਰਪੂਰ ਸਾਥ ਮਿਲਿਆ। ਦੋਹਾਂ ਨੇ ਤੀਜੇ ਵਿਕਟ ਲਈ 129 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਿਭਾਈ। ਕਪਤਾਨ ਸੂਰਿਆ ਕੁਮਾਰ ਯਾਦਵ 82 ਦੌੜਾਂ ‘ਤੇ ਨਾਟ ਆਊਟ ਰਹੇ ਅਤੇ ਆਪਣੇ ਅਨੋਖੇ ਸਟ੍ਰੋਕ ਪਲੇਅ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਅਖੀਰ ਵਿੱਚ ਸ਼ਿਵਮ ਦੂਬੇ ਨੇ ਵੀ 18 ਗੇਂਦਾਂ ਵਿੱਚ ਤੇਜ਼ 36 ਦੌੜਾਂ ਬਣਾ ਕੇ ਜਿੱਤ ‘ਤੇ ਮੋਹਰ ਲਗਾ ਦਿੱਤੀ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਤਿੰਨ ਓਵਰਾਂ ਵਿੱਚ 43 ਦੌੜਾਂ ਬਣਾਈਆਂ। ਪਰ 43 ਦੇ ਸਕੋਰ ‘ਤੇ ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਨੇ ਇੱਕ-ਇੱਕ ਵਿਕਟ ਲੈ ਕੇ ਭਾਰਤ ਦੀ ਵਾਪਸੀ ਕਰਵਾਈ। ਭਾਰਤੀ ਗੇਂਦਬਾਜ਼ਾਂ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਨਿਊਜ਼ੀਲੈਂਡ ਟੀਮ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 208 ਦੌੜਾਂ ਹੀ ਬਣਾ ਸਕੀ। ਕਪਤਾਨ ਮਿਚਲ ਸੈਂਟਨਰ ਨੇ 47 ਅਤੇ ਰਚਿਆ ਰਵਿੰਦਰਾ ਨੇ 44 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ, ਜਦਕਿ ਵਰੁਣ ਚੱਕਰਵਰਤੀ, ਸ਼ਿਵਮ ਦੁਬੇ, ਹਰਸ਼ਿਤ ਰਾਣਾ ਅਤੇ ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ।

ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੀ–20 ਸੀਰੀਜ਼ ਵਿੱਚ 2-0 ਦੀ ਮਜ਼ਬੂਤ ਬੜਤ ਬਣਾ ਲਈ ਹੈ ਅਤੇ ਟੀਮ ਦਾ ਮਨੋਬਲ ਕਾਫ਼ੀ ਉੱਚਾ ਨਜ਼ਰ ਆ ਰਿਹਾ ਹੈ। ਤੀਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

Leave a Reply

Your email address will not be published. Required fields are marked *