
ਪੰਜਾਬ ਨੇ ਆਪਣੇ ਉੱਭਰ ਰਹੇ ਇਨੋਵੇਸ਼ਨ ਈਕੋਸਿਸਟਮ ਨੂੰ ਕੀਤਾ ਪ੍ਰਦਰਸ਼ਿਤ
ਪੰਜਾਬ ਸਰਕਾਰ ਨੇ ਪੰਜਾਬ ਵਿੱਚ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਸੀਡ ਗ੍ਰਾਂਟਾਂ ਵੰਡੀਆਂ
ਫਗਵਾੜਾ, 12 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਪੂਰਥਲਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿਖੇ ਸੂਬੇ ਦੇ ਪਹਿਲੇ ਸਟਾਰਟਅੱਪ ਪੰਜਾਬ ਕਨਕਲੇਵ ਦਾ ਉਦਘਾਟਨ ਕੀਤਾ, ਜਿਸ ਤਹਿਤ ਨਵੀਨਤਾ, ਸਖ਼ਤ ਮਿਹਨਤ ਅਤੇ ਉੱਦਮਤਾ ਨੂੰ ਸਰਕਾਰ ਦੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਸਟਾਰਟਅੱਪ ਪੰਜਾਬ ਕਨਕਲੇਵ 2026 ਇੱਕ ਪ੍ਰਮੁੱਖ ਸੂਬਾ-ਪੱਧਰੀ ਪਲੇਟਫਾਰਮ ਵਜੋਂ ਉਭਰਿਆ ਹੈ, ਜੋ ਨਵੀਨਤਾ, ਉੱਦਮਤਾ ਅਤੇ ਸੂਬੇ ਦੇ ਤੇਜ਼ੀ ਨਾਲ ਪੈਰ ਪਸਾਰ ਰਹੇ ਸਟਾਰਟਅੱਪ ਈਕੋ-ਸਿਸਟਮ ਨੂੰ ਦਰਸਾਉਂਦਾ ਹੈ।
100 ਤੋਂ ਵੱਧ ਸਟਾਰਟਅੱਪਸ ਦੇ ਭਾਗ ਲੈਣ, ਉਦਮਾਂ ਨੂੰ ਸੀਡ ਗ੍ਰਾਂਟਾਂ ਵੰਡਣ ਅਤੇ ਉਦਯੋਗਪਤੀਆਂ, ਨਿਵੇਸ਼ਕਾਂ, ਇਨਕਿਊਬੇਟਰਾਂ, ਅਕਾਦਮਿਕ ਮਾਹਰਾਂ ਅਤੇ ਨੀਤੀ ਘਾੜਿਆਂ ਨੂੰ ਇੱਕੋ ਛੱਤ ਹੇਠ ਲਿਆ ਕੇ ਭਗਵੰਤ ਮਾਨ ਸਰਕਾਰ ਨੇ ਨਵੇਂ ਕਾਰੋਬਾਰੀ ਵਿਚਾਰਾਂ ਨੂੰ ਸਰਕਾਰ ਵੱਲੋਂ ਪੂਰੀ ਸਹਾਇਤਾ ਪ੍ਰਦਾਨ ਕਰਨ ਦਾ ਸਪੱਸ਼ਟ ਸੰਦੇਸ਼ ਦਿੱਤਾ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਪੈਦਾ ਕਰਨ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਅਪਡੇਟ ਰਹਿਣ ਅਤੇ ਉੱਦਮ ਸਿਰਜਣ ਦੀ ਨਵੀਂ ਸੋਚ ਅਪਣਾਉਣ ਲਈ ਕਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦਾ ਭਵਿੱਖ ਨੌਕਰੀਆਂ ਦੀ ਭਾਲ ਵਿੱਚ ਨਹੀਂ, ਸਗੋਂ ਉੱਦਮਤਾ ਨੂੰ ਅਪਣਾਉਣ ਵਿੱਚ ਹੈ।
ਸਟਾਰਟਅੱਪ ਕਨਕਲੇਵ ਦੌਰਾਨ ਉੱਦਮੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਸਪੱਸ਼ਟ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਣਾ ਹੈ ਅਤੇ ਉਨ੍ਹਾਂ ਨੂੰ ਆਪਣੀ ਵੱਖਰੀ ਪਛਾਣ ਬਣਾਉਣ ਦੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਸੂਬੇ ਦੇ ਨੌਜਵਾਨ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਤਾਂ ਜੋ ਉਹ ਆਪਣੀ ਵੱਖਰੀ ਪਛਾਣ ਬਣਾ ਸਕਣ।” ਉਨ੍ਹਾਂ ਕਿਹਾ ਕਿ ਪੰਜਾਬੀ ਕੁਦਰਤੀ ਤੌਰ ‘ਤੇ ਇੰਜੀਨੀਅਰ ਅਤੇ ਪੈਦਾਇਸ਼ੀ ਉੱਦਮੀ ਹੁੰਦੇ ਹਨ, ਜਿਸ ਕਰਕੇ ਉਹ ਕੋਈ ਰਾਹ ਚੁਣ ਲੈਣ, ਉਸ ਵਿੱਚ ਸਫ਼ਲਤਾ ਹਾਸਲ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦਿਸ਼ਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਪਡੇਟ ਰਹਿਣ ਅਤੇ ਉੱਦਮ ਸਿਰਜਣ ਦਾ ਨਾਅਰਾ ਦਿੰਦਿਆਂ ਕਿਹਾ, “ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਸਰਕਾਰ ਕਾਰੋਬਾਰੀ ਆਗੂਆਂ ਵੱਲੋਂ ਪੇਸ਼ ਕੀਤੇ ਗਏ ਹਰ ਵਿਚਾਰ ਸਬੰਧੀ ਪੂਰੀ ਮਦਦ ਕਰੇਗੀ।”
ਆਪਣੀ ਹਾਲੀਆ ਜਪਾਨ ਫੇਰੀ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਪੱਸ਼ਟ ਦ੍ਰਿਸ਼ਟੀਕੋਣ ਨਾਲ ਹੀ ਦੇਸ਼ ਤਰੱਕੀ ਕਰਦੇ ਹਨ। ਉਨ੍ਹਾਂ ਕਿਹਾ, “ਜਾਪਾਨ ਵਿੱਚ, ਆਵਾਜਾਈ ਦੇ ਹਰ ਸਾਧਨ ਨੂੰ ਸਿੰਗਲ ਵਿੰਡੋ ਰਾਹੀਂ ਪਹੁੰਚਯੋਗ ਬਣਾਇਆ ਗਿਆ ਹੈ। ਜਾਪਾਨ ਕੋਲ ਭਵਿੱਖ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਹੈ।” ਉਨ੍ਹਾਂ ਨੇ ਰਾਈਜ਼ਿੰਗ ਸਟਾਰ ਅਤੇ ਰਾਈਜ਼ਿੰਗ ਸਨ ਵਰਗੀਆਂ ਕੰਪਨੀਆਂ ਨੂੰ ਸਕਾਰਾਤਮਕ ਮਾਨਸਿਕਤਾ ਦੀਆਂ ਉਦਾਹਰਣਾਂ ਵਜੋਂ ਦਰਸਾਇਆ, ਜਿਨ੍ਹਾਂ ਸਦਕਾ ਉਨ੍ਹਾਂ ਦੀ ਔਸਤਨ ਉਮਰ 100 ਸਾਲਾਂ ਤੋਂ ਵੱਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਸੇ ਤਰ੍ਹਾਂ ਦੀ ਅਗਾਂਹਵਧੂ ਸੋਚ ਵਾਲੀ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੇ ਇਸੇ ਨੂੰ ਸਫਲਤਾ ਦੀ ਕੁੰਜੀ ਦੱਸਿਆ।
ਇਸ ਸੰਮੇਲਨ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੇ ਨਵੀਨਤਾਕਾਰੀ ਅਤੇ ਤੇਜ਼ੀ ਨਾਲ ਵਿਕਾਸ ਕਰ ਰਹੇ ਸਟਾਰਟਅੱਪ ਈਕੋ ਸਿਸਟਮ ਨੂੰ ਵਿਸ਼ਵ ਪੱਧਰ ‘ਤੇ ਉਜਾਗਰ ਕਰਨ ਲਈ ਅਹਿਮ ਪਲੇਟਫਾਰਮ ਵਜੋਂ ਕੰਮ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮਾਗਮ ਦੌਰਾਨ ਉੱਦਮੀਆਂ, ਨਿਵੇਸ਼ਕਾਂ, ਅਕਾਦਮਿਕ ਮਾਹਿਰਾਂ ਅਤੇ ਨੀਤੀ ਘੜ੍ਹਨ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਇੱਕੋ ਮੰਚ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨਾ ਹੈ ਅਤੇ ਇਹ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਸੂਬੇ ਭਰ ਤੋਂ 100 ਤੋਂ ਵੱਧ ਸਟਾਰਟਅੱਪ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਪੰਜਾਬ ‘ਚ ਸਥਿਤ 15 ਤੋਂ ਵੱਧ ਇਨਕਿਊਬੇਟਰ ਅਤੇ ਪੰਜ ਤੋਂ ਵੱਧ ਸਹਾਇਤਾ ਸੰਸਥਾਵਾਂ ਨੇ ਆਪਣੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੱਠ ਸਟਾਰਟਅੱਪਾਂ ਨੂੰ ਵਿਸ਼ੇਸ਼ ਪ੍ਰੋਤਸਾਹਨ ਚੈਕ ਪ੍ਰਦਾਨ ਕਰ ਰਹੀ ਹੈ, ਜਿਸ ਵਿੱਚ ਸੱਤ ਸਟਾਰਟਅੱਪਾਂ ਨੂੰ ਸੀਡ ਗਰਾਂਟ ਵਜੋਂ 3-3 ਲੱਖ ਰੁਪਏ ਅਤੇ ਹਰੇਕ ਸਟਾਰਟਅਪ ਨੂੰ ਲੀਜ਼ ਰੈਂਟਲ ਸਹਾਇਤਾ ਵਜੋਂ 1.20 ਲੱਖ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਟਾਰਟਅੱਪ ਸਿਰਫ਼ ਕਾਰੋਬਾਰ ਹੀ ਨਹੀਂ ਹੁੰਦੇ, ਸਗੋਂ ਇਹ ਨੌਕਰੀਆਂ ਦੇ ਨਵੇਂ ਮੌਕੇ ਸਿਰਜਣ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪੰਜਾਬ ਸਰਕਾਰ ਦੇ ਲੰਮੇ ਸਮੇਂ ਦੇ ਵਿਜ਼ਨ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਦਾ ਇਹ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਭਾਲ ਕਰਨ ਵਾਲਿਆਂ ਦੀ ਬਜਾਏ ਰੋਜ਼ਗਾਰ ਸਿਰਜਣ ਵਾਲੇ ਬਣਨ। ਉਨ੍ਹਾਂ ਅੱਗੇ ਕਿਹਾ ਕਿ ਖੇਤੀਬਾੜੀ, ਸਿਹਤ, ਸਿੱਖਿਆ ਅਤੇ ਪ੍ਰਸ਼ਾਸਨ ਵਰਗੇ ਖੇਤਰਾਂ ਵਿੱਚ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਾਲੇ ਸਟਾਰਟਅੱਪਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੀਤੀ 2022 ਨੂੰ ਉੱਦਮੀਆਂ ਨੂੰ ਪਾਰਦਰਸ਼ੀ ਅਤੇ ਮਜ਼ਬੂਤ ਢਾਂਚਾ ਪ੍ਰਦਾਨ ਕਰਨ ਲਈ ਲਾਗੂ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਟਾਰਟਅੱਪ ਪੰਜਾਬ ਸੂਬੇ ਵਿੱਚ ਨਵੀਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ, ਜਿਸ ਵਿੱਚ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪ ਅਤੇ ਨਵੇਂ ਉੱਦਮਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਜ਼ਬੂਤ ਉਦਯੋਗਿਕ ਅਧਾਰ ਅਤੇ ਬੇਮਿਸਾਲ ਬੁਨਿਆਦੀ ਢਾਂਚਾ ਸਟਾਰਟਅੱਪ ਵਿਕਾਸ ਲਈ ਅਨੁਕੂਲ ਹੈ ਅਤੇ ਸੂਬੇ ਦੀ ਤਰੱਕੀ ਦੀ ਨੀਂਹ ਹੁਣ ਨਵੀਨਤਾ ਅਤੇ ਉੱਦਮਤਾ ਦੇ ਰਾਹ ਵੱਲ ਅੱਗੇ ਵਧੇਗੀ। ਉਹਨਾਂ ਨੇ ਨਿਵੇਸ਼ਕਾਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ‘ਤੇ ਭਰੋਸਾ ਕਰਨ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਭਾਈਵਾਲ ਹੋਣ ਦਾ ਸੱਦਾ ਦਿੱਤਾ।ਸੂਬਾ ਸਰਕਾਰ ਦੀ ਬਿਜ਼ਨਸ ਬਲਾਸਟਰਜ਼ ਮੁਹਿੰਮ ਤਹਿਤ ਨੌਜਵਾਨਾਂ ਨੂੰ ਇਕਜੁੱਟ ਹੋਣ ਅਤੇ ਨਿਵੇਕਲੇ ਵਿਚਾਰਾਂ ਦੀ ਪੜਚੋਲ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਵਿਲੱਖਣ ਵਿਚਾਰਾਂ ਨਾਲ ਭਰਪੂਰ ਹਨ ਪਰ ਅਕਸਰ ਉਨ੍ਹਾਂ ਨੂੰ ਮਾਨਤਾ ਅਤੇ ਉਤਸ਼ਾਹ ਦੇਣ ਦੀ ਘਾਟ ਰਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਸੀਂ ਮਿਸਾਲਾਂ ਨਾਲ ਭਰੀ ਉਸ ਦੁਨੀਆਂ ਵਿੱਚ ਰਹਿੰਦੇ ਹਾਂ, ਜਿੱਥੇ ਸਫ਼ਲਤਾ ਸਿਰਫ਼ ਪੇਸ਼ਕਾਰੀ ‘ਤੇ ਨਹੀਂ, ਸਗੋਂ ਸਖ਼ਤ ਮਿਹਨਤ ‘ਤੇ ਨਿਰਭਰ ਕਰਦੀ ਹੈ। ਸਾਬਕਾ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਦੇਖੇ ਜਾਂਦੇ ਹਨ, ਬਲਕਿ ਅਸਲ ਸੁਪਨੇ ਸੌਣ ਨਹੀਂ ਦਿੰਦੇ।
ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।