
ਦੀਪਤੀ ਸ਼ਰਮਾ (55 ਦੌੜਾਂ ਅਤੇ 5/39) ਅਤੇ ਸ਼ੈਫਾਲੀ ਵਰਮਾ (87 ਦੌੜਾਂ ਅਤੇ 2/36) ਦਾ ਜਿੱਤ ਵਿੱਚ ਅਹਿਮ ਯੋਗਦਾਨ
ਮੁੰਬਈ, 3 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਐਤਵਾਰ ਰਾਤ ਨੂੰ ਡੀਵਾਈ ਪਾਟਿਲ ਸਟੇਡੀਅਮ ਵਿੱਚ 2025 ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ, ਭਾਰਤੀ ਵੂਮੈਨ ਕ੍ਰਿਕਟ ਟੀਮ ਨੇ ਆਖਰਕਾਰ ਵਿਸ਼ਵ ਕੱਪ ਤਾਜ ਲਈ ਆਪਣੀ ਲੰਬੀ ਉਡੀਕ ਨੂੰ ਖਤਮ ਕਰ ਦਿੱਤਾ।
ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਦੇਸ਼ ਲਈ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। 2005 ਅਤੇ 2017 ਦੀਆਂ ਹਾਰਾਂ ਤੋਂ ਬਾਅਦ ਆਪਣਾ ਤੀਜਾ ਫਾਈਨਲ ਖੇਡਦੇ ਹੋਏ, ਹਰਮਨਪ੍ਰੀਤ ਦੀ ਟੀਮ ਨੇ ਸ਼ਾਨਦਾਰ ਢੰਗ ਨਾਲ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇੱਕ ਸੁਨਹਿਰੀ ਪਲ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿੱਚ ਲਿਖ ਦਿੱਤਾ ਹੈ। ਬਿਹਤਰ ਪ੍ਰਦਰਸ਼ਨ ਲਈ ਸ਼ਿਫਾਲੀ ਵਰਮਾ ਨੂੰ ਮੈਨ ਆਫ ਦੀ ਮੈਚ ਐਵਾਰਡ ਨਾਲ ਸਨਮਾਨਿਆ ਗਿਆ।
ਭਾਰਤੀ ਮਹਿਲਾ ਟੀਮ, ਵਿਸ਼ਵ ਕੱਪ ਦੇ 13ਵੇਂ ਐਡੀਸ਼ਨ ਵਿੱਚ ਸਫਲਤਾ ਹਾਸਲ ਕਰਕੇ, ਇਹ ਟਰਾਫੀ ਜਿੱਤਣ ਵਾਲੀ ਵਿਸ਼ਵ ਦੀ ਚੌਥੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਚੈਂਪੀਅਨਾਂ ਦੀ ਕਤਾਰ ਵਿੱਚ ਆਸਟ੍ਰੇਲੀਆ (7), ਇੰਗਲੈਂਡ (4) ਅਤੇ ਨਿਊਜ਼ੀਲੈਂਡ (1) ਇਕ ਵਾਰ ਜੇਤੂ ਰਿਹਾ ਹੈ।
ਟਾਸ ਹਾਰਨ ਬਾਅਦ, ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ‘ਤੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ – 7 ਵਿਕਟਾਂ ‘ਤੇ 298 ਦੌੜਾਂ ਬਣਾਈਆਂ, ਜਿਸ ਵਿੱਚ ਦੀਪਤੀ ਸ਼ਰਮਾ (55 ਦੌੜਾਂ) ਅਤੇ ਸ਼ੈਫਾਲੀ ਵਰਮਾ (87 ਦੌੜਾਂ), ਸਮਰਿਤੀ (45 ਦੌੜਾਂ) ਸ਼ਾਮਲ ਹਨ। ਉਪਰੰਤ ਭਾਰਤ ਨੇ ਦੱਖਣੀ ਅਫਰੀਕਾ ਨੂੰ ਮਹਿਜ਼ 45.3 ਓਵਰਾਂ ਵਿੱਚ 246 ਦੌੜਾਂ ‘ਤੇ ਢੇਰ ਕਰਕੇ ਇਤਿਹਾਸ ਰਚਿਆ ਹੈ।
ਦੱਖਣੀ ਅਫਰੀਕਨ ਕਪਤਾਨ ਲੌਰਾ ਵੋਲਵਾਰਡਟ ਨੇ 98 ਗੇਂਦਾਂ ਵਿੱਚ ਸ਼ਾਨਦਾਰ 101 ਦੌੜਾਂ ਬਣਾਈਆਂ, ਪਰ ਬਾਕੀ ਖਿਡਾਰੀ ਉਸ ਦਾ ਸਾਥ ਦੇਣ ਵਿਚ ਅਸਫਲ ਰਹੇ। ਜਦਕਿ ਟੀਮ ਇੰਡੀਆ ਵਲੋਂ ਦੀਪਤੀ ਸ਼ਰਮਾ (55 ਦੌੜਾਂ ਅਤੇ 5/39) ਅਤੇ ਸ਼ੈਫਾਲੀ ਵਰਮਾ (87 ਦੌੜਾਂ ਅਤੇ 2/36) ਦੀ ਪ੍ਰਤਿਭਾਸ਼ਾਲੀ ਖੇਡ ਨੇ ਇਸ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਭਾਰਤੀ ਵੂਮੈਨ ਕ੍ਰਿਕਟ ਟੀਮ ਨੂੰ ਵਿਸ਼ਵ ਚੈਂਪੀਅਨ ਦਾ ਖਿਤਾਬ ਦਿਵਾਇਆ।