
ਚੰਡੀਗੜ੍ਹ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੰਜਾਬ-ਹਰਿਆਣਾ ਅਤੇ ਚੰਡੀਗੜ੍ਹ ‘ਚ ਭਾਰੀ ਮੀਂਹ ਅਤੇ ਹਨੇਰੀ ਆਉਣ ਦੀ ਸੰਭਾਵਨਾ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਤੋਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ, ਜਿਸ ਦਾ ਅਸਰ ਸ਼ੁੱਕਰਵਾਰ ਨੂੰ ਵੀ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸ਼ਨੀਵਾਰ ਨੂੰ ਕਈ ਥਾਵਾਂ ‘ਤੇ ਗੜੇਮਾਰੀ ਹੋ ਸਕਦੀ ਹੈ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਇਸ ਲਈ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ।
ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਕੋਈ ਵੀ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਤੋਂ ਪਹਿਲਾਂ ਹੀ ਬਾਰਿਸ਼ ਦੇ ਮੱਦੇਨਜ਼ਰ ਕਿਸਾਨਾਂ ਨੂੰ ਵੀ ਚੌਕਸ ਕਰ ਦਿੱਤਾ ਹੈ। ਕੇਂਦਰ ਨੇ ਕਿਹਾ ਹੈ ਕਿ ਹਾੜੀ ਦੀਆਂ ਫ਼ਸਲਾਂ (ਕਣਕ, ਸਰ੍ਹੋਂ ਆਦਿ) ਦੀ ਪੱਕਣ ਅਤੇ ਵਾਢੀ ਦੇ ਨੇੜੇ ਹੋਣ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਸੁਰੱਖਿਅਤ ਥਾਂ ‘ਤੇ ਰੱਖਿਆ ਜਾਵੇ।