
ਨਵੀਂ ਦਿੱਲੀ, 1 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਬਾਅਦ ਅੱਜ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਉਹ ਹੁਣ ਦੱਖਣੀ ਦਿੱਲੀ ਦੇ ਛੱਤਰਪੁਰ ਇਲਾਕੇ ਵਿੱਚ ਇੱਕ ਨਿੱਜੀ ਫਾਰਮ ਹਾਊਸ ਵਿੱਚ ਸ਼ਿਫਟ ਹੋ ਗਏ ਹਨ। ਖ਼ਬਰਾਂ ਮੁਤਾਬਕ ਛਤਰਪੁਰ ਦੇ ਗਦਾਈਪੁਰ ਖੇਤਰ ਵਿੱਚ ਸਥਿਤ ਇਹ ਫਾਰਮ ਹਾਊਸ, ਇਨੈਲੋ ਆਗੂ ਅਭੈ ਚੌਟਾਲਾ ਦਾ ਹੈ।
ਸਾਬਕਾ ਉਪ-ਰਾਸ਼ਟਰਪਤੀ ਹੋਣ ਦੇ ਨਾਤੇ ਸ੍ਰੀ ਧਨਖੜ ਨੂੰ ਜਦੋਂ ਤੱਕ ਟਾਈਪ-VIII ਸਰਕਾਰੀ ਰਿਹਾਇਸ਼ ਅਲਾਟ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਹ ਇਸ ਫਾਰਮ ਹਾਊਸ ਵਿਚ ਹੀ ਰਹਿਣਗੇ।
ਦੱਸਣਯੋਗ ਹੈ ਕਿ ਧਨਖੜ ਦਾ ਉਪ-ਰਾਸ਼ਟਰਪਤੀ ਵਜੋਂ ਕਾਰਜਕਾਲ ਅਸਲ ਵਿੱਚ 10 ਅਗਸਤ, 2027 ਨੂੰ ਖਤਮ ਹੋਣਾ ਸੀ ਉਹਨਾਂ ਨੇ 21 ਜੁਲਾਈ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਹ ਜਨਤਕ ਤੌਰ ਉਤੇ ਦਿਖਾਈ ਨਹੀਂ ਦਿੱਤੇ ਅਤੇ ਕਾਂਗਰਸ ਪਾਰਟੀ ਨੇ ਸੰਸਦ ਵਿਚ ਉਹਨਾਂ ਦੇ ਰੂਪੋਸ਼ ਹੋਣ ਬਾਰੇ ਕਈ ਵਾਰ ਭਾਜਪਾ ਉਤੇ ਸਵਾਲ ਵੀ ਚੁੱਕੇ ਸਨ।