Breaking News
Smart Media Dashmesh Insurance Point

ਸੂਰਤ (ਗੁਜਰਾਤ) ਤੋਂ ਭਾਜਪਾ ਉਮੀਦਵਾਰ ਨੂੰ ਜੇਤੂ ਐਲਾਨ ਦੇਣਾ ਹੈਰਾਨੀਜਨਕ, ਦੇਸ਼ ਵਾਸੀਆਂ ਨੂੰ ਜਾਗ੍ਰਿਤ ਹੋਣਾ ਚਾਹੀਦੈ : ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ, 23 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਪ੍ਰਮੁੱਖ ਸਿੱਖ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰ ਮੋਦੀ ਸਰਕਾਰ ਅਤੇ ਭਾਜਪਾ ਦੀਆਂ ਵਧੀਕੀਆਂ ਬਾਰੇ ਬਿਆਨ ਕਰਦਿਆਂ ਆਖਿਆ ਕਿ ਹਰ ਰੋਜ਼ ਅਜੀਬੋ-ਗਰੀਬ ਖ਼ਬਰਾਂ ਸੁਣ, ਦੇਖ ਅਤੇ ਪੜ੍ਹ ਕੇ ਦਿਲ ਬੜਾ ਦੁਖੀ ਹੋ ਜਾਂਦਾ ਹੈ ਕਿ ਸਾਡਾ ਭਾਰਤ ਦੇਸ਼ “ਸੋਨੇ ਦੀ ਚਿੜੀ” ਕਹਾਉਣ ਵਾਲਾ, ਅੱਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਬੱਸ ਸੱਤਾ ਅਤੇ ਤਾਕਤ ਹਾਸਲ ਕਰਨੀ ਅਤੇ ਪੈਸਾ ਕਮਾਉਣਾ ਹੀ ਇੱਕੋ ਇੱਕ ਉਦੇਸ਼ ਰਹਿ ਗਿਆ ਹੈ। ਸਾਡੇ ਲੀਡਰ ਸਾਰੇ ਨੈਤਿਕ ਕਦਰਾਂ-ਕੀਮਤਾਂ ਭੁੱਲ ਕੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ ਹਨ। ਸੂਰਤ (ਗੁਜਰਾਤ) ਪਾਰਲੀਮਾਨੀ ਹਲਕੇ ਵਾਲ਼ਿਆਂ ਨੇ ਕਦੇ ਸੋਚਿਆ ਹੋਣਾ ਕਿ ਵੋਟਾਂ ਪਾਉਣ ਦੀ ਤਰੀਕ ਜੋ 7 ਮਈ 2024 ਸੀ, ਉਸ ਤੋਂ ਪਹਿਲਾਂ ਹੀ 8 ਉਮੀਦਵਾਰ ਨਾਮਜ਼ਦਗੀ ਪੇਪਰ ਵਾਪਸ ਲੈ ਲੈਣਗੇ ਅਤੇ 3 ਗਵਾਹ ਮੁੱਕਰ ਜਾਣਗੇ ਤੇ ਕਹਿਣਗੇ ਕਿ ਉਨਾਂ ਦੇ ਤਾਂ ਪੇਪਰ ‘ਤੇ ਦਸਤਖਤ ਹੀ ਜਾਅਲੀ ਹਨ। ਇਥੇ ਹੀ ਬਸ ਨਹੀਂ ਰੀਟਰਨਿੰਗ ਅਫਸਰ ਫਟਾ-ਫਟ ਨਿਰਵਿਰੋਧ ਜਿੱਤ ਦਾ ਸਰਟੀਫੀਕੇਟ ਦੇ ਦਿੰਦਾ ਹੈ, ਹੱਦ ਹੀ ਹੋ ਗਈ।

ਦੇਸ਼ ਵਾਸੀਓ, ਤੁਸੀਂ ਸਾਰੇ ਜਾਣਦੇ ਹੀ ਹੋ ਕਿ ਭਾਰਤ ਕਿਸ ਸੰਕਟ ਵਿੱਚੋਂ ਲੰਘ ਰਿਹਾ। ਇੱਥੇ ਸਿਰਫ 21 ਬੇਹੱਦ ਅਮੀਰਾਂ ਕੋਲ 70 ਕਰੋੜ ਆਮ ਭਾਰਤੀਆਂ ਦੀ ਕੁੱਲ ਦੌਲਤ ਨਾਲੋਂ ਵੱਧ ਦੌਲਤ ਹੈ। ਬੇਰੁਜ਼ਗਾਰੀ, ਗਰੀਬੀ, ਬੀਮਾਰੀ, ਅਨਪੜ੍ਹਤਾ, ਭਿ੍ਸ਼ਟਾਚਾਰ ‘ਚ ਅਸੀਂ ਦੁਨੀਆਂ ਵਿੱਚ ਸਭ ਤੋਂ ਉੱਪਰਲਿਆਂ ਵਿੱਚ ਆਉਂਦੇ ਹਾਂ।ਕਿਸਾਨ ਅਤੇ ਮਜ਼ਦੂਰ ਦੀ ਕੋਈ ਸੁਣਦਾ ਨਹੀਂ। ਥੋੜੀ ਜਿਹੀ ਖੈਰ ਪਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੀਡਰਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਵਿਹਲਾ ਦਿਮਾਗ਼ ਤੇ ਖਾਲੀ ਪੇਟ ਬੜਾ ਖਤਰਨਾਕ ਸੁਮੇਲ ਹੈ। ਨੈਸ਼ਨਲ ਕਰਾਈਮ ਰੀਕਾਰਡਜ਼ ਬਿਊਰੋ ਦੀ 2022 ਦੀ ਰਿਪੋਰਟ ਮੁਤਾਬਕ 154 ਕਿਸਾਨ ਤੇ ਮਜ਼ਦੂਰ ਰੋਜ਼ਾਨਾ ਖੁਦਕਸ਼ੀ ਕਰ ਰਹੇ ਹਨ। ਤੇ ਸਰਕਾਰ ਅਮੀਰ ਪੂੰਜੀਪਤੀਆਂ ਨੂੰ ਗੱਫਿਆਂ ਤੇ ਗੱਫੇ ਦੇਈ ਜਾ ਰਹੀ ਹੈ। 2019 ਵਿੱਚ ਸਰਕਾਰ ਨੇ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 22% ਕਰ ਦਿੱਤਾ ਜਿਸ ਨਾਲ ਅੰਦਾਜ਼ੇ ਮੁਤਾਬਕ ਉਨਾਂ ਦੇ 1.45 ਲੱਖ ਕਰੋੜ ਦਾ ਫਾਇਦਾ ਹੋਇਆ। ਇਹੀ ਨਹੀਂ ਸਗੋਂ 2014-2023 ਤੱਕ ਪੂੰਜੀਪਤੀਆਂ ਦਾ 15.56 ਲੱਖ ਕਰੋੜ ਦਾ ਵਪਾਰਕ ਬੈਂਕਾਂ ਦਾ ਕਰਜ਼ਾ ਵੀ ਮੁਆਫ ਕਰ ਦਿੱਤਾ। ਇਹ ਕਿੱਥੋਂ ਦਾ ਇਨਸਾਫ ਹੈ। 24 ਮਾਰਚ ਨੂੰ ਵੀ ਤੁਹਾਡੇ ਨਾਲ ਸਿਆਸਤ ਦੇ ਇਸ ਨੀਵੇਂ ਪੱਧਰ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ। ਹੁਣ ਵੀ ਕੁਝ ਦਿਨਾਂ ਤੋਂ ਮਨ ਉਚਾਟ ਸੀ। ਮੇਰੇ ਵਰਗੇ ਇਨਸਾਨ ਕੁਝ ਕਰ ਤਾਂ ਨਹੀਂ ਸਕਦੇ, ਭੜਾਸ ਤਾਂ ਕੱਢ ਸਕਦੇ ਹਨ। ਉਮੀਦ ਹੈ ਤੁਸੀਂ ਇਸੇ ਸੰਦਰਭ ਵਿੱਚ ਲਓਗੇ। ਨਿਸ਼ਾਨਾ ਸਿਰਫ ਕਿਸੇ ਇੱਕ ਲੀਡਰ ਜਾਂ ਪਾਰਟੀ ਬਾਰੇ ਨਹੀਂ। ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ। ਇਹਨਾਂ ਸਾਰਿਆਂ ਨੂੰ ਪਰਮਾਤਮਾ ਸੁਮੱਤ ਅਤੇ ਬਲ ਬਖਸ਼ੇ ਕਿ ਚੰਗੇ ਇਨਸਾਨ ਬਣ ਕੇ ਲੋਕ ਭਲਾਈ ਦੇ ਕੰਮ ਕਰਨ। ਹਿਸਟਰੀ ਪੜ੍ਹ ਲੈਣ ਕਿ ਤਾਨਾਸ਼ਾਹਾਂ ਦਾ ਕੀ ਹਸ਼ਰ ਹੁੰਦਾ ਹੈ । ਜੇਕਰ ਸਰਕਾਰ ਚਲਾਉਣ ਵਾਲ਼ੇ ਨੇਤਾ ਬੇਈਮਾਨ ਹੋਣ ਜਾਂ ਤਾਕਤ ਦੇ ਨਸ਼ੇ ਵਿੱਚ ਅੰਨ੍ਹੇ ਹੋ ਜਾਣ ਫਿਰ ਤਾਂ ਦੇਸ਼ ਵਾਸੀਆਂ ਭਾਵ ਮੱਤਦਾਤਾਵਾਂ/ ਵੋਟਰਾਂ ਨੂੰ ਜਾਗ੍ਰਿਤ ਹੋਣਾ ਜ਼ਰੂਰੀ ਹੈ ਅਤੇ ਬੇਈਮਾਨੀ ਕਰਨ ਵਾਲ਼ੇ ਸ਼ਾਸਕਾਂ ਦਾ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਤਖ਼ਤ ਪਲਟ ਦੇਣਾ ਚਾਹੀਦਾ ਹੈ। ਇਹੀ ਸਮੇਂ ਦੀ ਲੋੜ ਹੈ।

Leave a Reply

Your email address will not be published. Required fields are marked *