
ਨਵੀਂ ਦਿੱਲੀ, 11 ਜੂਨ, ਪੰਜਾਬੀ ਦੁਨੀਆ ਬਿਊਰੋ:
ਦੇਸ਼ ਵਿੱਚ ਦਿਨੋਂ ਦਿਨ ਕੋਵਿਡ-19 ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ ਅਤੇ ਇਹ ਮਾਮਲੇ ਅੱਜ 7,000 ਦਾ ਅੰਕੜਾ ਪਾਰ ਕਰ ਗਏ ਹਨ। ਇਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਸੀਨੀਅਰ ਮੰਤਰੀਆਂ ਸਮੇਤ ਹਰੇਕ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕੱਲ੍ਹ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਣ ਵਾਲੇ ਅੱਤਵਾਦ ਵਿਰੋਧੀ ਵਫ਼ਦ ਨੇ ਵੀ ਆਰਟੀ-ਪੀਸੀਆਰ ਟੈਸਟ ਕਰਵਾਇਆ।
ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ, ਭਾਜਪਾ ਨੇ ਦਿੱਲੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਆਗੂਆਂ ਲਈ ਕੋਵਿਡ ਆਰਟੀ-ਪੀਸੀਆਰ ਟੈਸਟ ਦਾ ਪ੍ਰਬੰਧ ਵੀ ਕੀਤਾ, ਜਿਨ੍ਹਾਂ ਦਾ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਸੂਤਰਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਟੈਸਟ ਸੂਬਾਈ ਪਾਰਟੀ ਦਫ਼ਤਰ ਵਿੱਚ ਕੀਤੇ ਗਏ।
ਦੱਸਣਯੋਗ ਹੈ ਕਿ ਦੇਸ਼ ਵਿੱਚ ਹੁਣ ਤੱਕ 7,121 ਸਰਗਰਮ ਕੋਵਿਡ ਕੇਸ ਹਨ, ਜਿਨ੍ਹਾਂ ਵਿੱਚੋਂ ਕੇਰਲਾ – ਸਭ ਤੋਂ ਵੱਧ 2,223 ਲੋਕ ਇਸ ਤੋਂ ਪੀੜ੍ਹਤ ਹੋਣ ਦੀ ਰਿਪੋਰਟ ਹੈ। ਜਦਕਿ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਦਿੱਲੀ ਵਿਚ ਕੋਵਿਡ ਆਪਣੇ ਪੈਰ ਪਸਾਰ ਰਿਹਾ ਹੈ।
INSACOG ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਨਵੇਂ ਉੱਭਰ ਰਹੇ COVID-19 ਵੇਰੀਐਂਟ XFG ਦੇ ਲਗਭਗ 163 ਮਾਮਲੇ ਸਾਹਮਣੇ ਆਏ ਹਨ।