
ਚੰਡੀਗੜ੍ਹ, 11 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਹਰਿਆਣਾ ਦੇ ਸ਼ਹਿਰ ਮਹਿੰਦਰਗੜ੍ਹ ਵਿੱਚ ਵੀਰਵਾਰ ਸਵੇਰੇ ਸਕੂਲੀ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਚਨਾ ਮੁਤਾਬਕ ਇਸ ਹਾਦਸੇ ‘ਚ 5-6 ਬੱਚਿਆਂ ਦੀ ਮੌਤ ਹੋ ਗਈ, ਜਦਕਿ 15 ਬੱਚੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖ਼ਮੀਆਂ ਬੱਚਿਆਂ ਨੂੰ ਨਿੱਜੀ ਹਸਪਤਾਲਾਂ ਵਿੱਚ ਇਲਾਜ ਲੲੀ ਦਾਖ਼ਲ ਕਰਵਾਇਆ ਗਿਆ ਹੈ। ਬੱਸ ਵਿੱਚ 35 ਬੱਚੇ ਸਵਾਰ ਸਨ। ਹਾਦਸੇ ਦਾ ਕਾਰਨ ਓਵਰਟੇਕ ਕਰਨਾ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
ਮਹਿੰਦਰਗੜ੍ਹ ਦੇ ਕਨੀਨਾ ਕਸਬੇ ਵਿੱਚ ਸਥਿਤ ਜੀਐਲ ਪਬਲਿਕ ਸਕੂਲ ਦੀ ਬੱਸ ਅੱਜ ਸਵੇਰੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਪਿੰਡ ਉਨਹਾਨੀ ਨੇੜੇ ਓਵਰਟੇਕ ਕਰਦੇ ਸਮੇਂ ਸਕੂਲੀ ਬੱਸ ਅਚਾਨਕ ਪਲਟ ਗਈ। ਇਸ ਦੌਰਾਨ ਜ਼ਬਰਦਸਤ ਧਮਾਕਾ ਹੋਇਆ ਅਤੇ ਚੀਕ-ਚਿਹਾੜਾ ਪੈ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ। ਕਈ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਦੱਸਣਯੋਗ ਹੈ ਕਿ ਅੱਜ ਈਦ ਮੌਕੇ ਸਰਕਾਰੀ ਦਫ਼ਤਰਾਂ ਅਤੇ ਵਿਦਿਅਕ ਅਦਾਰਿਆਂ ਤੇ ਸਕੂਲਾਂ ਵਿੱਚ ਛੁੱਟੀ ਸੀ। ਇਸ ਦੇ ਬਾਵਜੂਦ ਵੀ ਪ੍ਰਾਈਵੇਟ ਸਕੂਲ ਨੇ ਛੁੱਟੀ ਨਹੀਂ ਕੀਤੀ।