ਲਾਹੌਰ, 3 ਨਵੰਬਰ, ਪੰਜਾਬੀ ਦੁਨੀਆ ਬਿਊਰੋ:
ਲਾਹੌਰ ਵਿੱਚ ਰਿਕਾਰਡ ਪ੍ਰਦੂਸ਼ਣ ਵਧਣ ਕਾਰਨ ਪ੍ਰਾਇਮਰੀ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਲੱਖਾਂ ਬੱਚਿਆਂ ਨੂੰ ਖਤਰਨਾਕ ਸਮਝੇ ਜਾਣ ਵਾਲੇ ਪ੍ਰਦੂਸ਼ਣ ਪੱਧਰ ਤੋਂ ਕਈ ਗੁਣਾ ਉੱਪਰ ਧੂੰਏਂ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਾਹੌਰ ਦੇ 14 ਮਿਲੀਅਨ ਲੋਕ ਧੂੰਏਂ, ਧੁੰਦ ਦੇ ਮਿਸ਼ਰਣ ਅਤੇ ਘੱਟ ਦਰਜੇ ਦੇ ਡੀਜ਼ਲ ਦੇ ਧੂੰਏਂ, ਪਰਾਲੀ ਦੇ ਧੂੰਏਂ ਅਤੇ ਸਰਦੀਆਂ ਦੀ ਠੰਢਕ ਕਾਰਨ ਪੈਦਾ ਹੋਏ ਪ੍ਰਦੂਸ਼ਨ ਦੀ ਲਪੇਟ ਵਿੱਚ ਹਨ।
ਲਾਹੌਰ ਵਿੱਚ ਵਾਤਾਵਰਣ ਸੁਰੱਖਿਆ ਦੇ ਇੱਕ ਸੀਨੀਅਰ ਅਧਿਕਾਰੀ ਜਹਾਂਗੀਰ ਅਨਵਰ ਨੇ ਖਦਸ਼ਾ ਪ੍ਰਗਟਾਇਆ ਕਿ ਅਗਲੇ ਹਫਤੇ ਤੱਕ ਮੌਸਮ ਦੀ ਭਵਿੱਖਬਾਣੀ ਦਰਸਾਉਂਦੀ ਹੈ ਕਿ ਹਵਾ ਦਾ ਪੈਟਰਨ ਪਹਿਲਾਂ ਵਾਂਗ ਹੀ ਰਹੇਗਾ। ਇਸ ਲਈ ਅਸੀਂ ਲਾਹੌਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਰਹੇ ਹਾਂ।
ਪਾਕਿਸਤਾਨ ਵਿਚ ਪੰਜਾਬ ਪ੍ਰਾਂਤ ਦੀ ਮੁੱਖ ਮੰਤਰੀ ਮਰਿਅਮ ਔਰੰਗਜ਼ੇਬ ਨੇ ਐਤਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਹਵਾ ਵਿੱਚ ਪ੍ਰਦੂਸ਼ਣ ਦਾ AQI 1,000 ਨੂੰ ਪਾਰ ਕਰ ਗਿਆ ਹੈ, ਜੋ ਕਿ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਮਾਸਕ ਲਾਜ਼ਮੀ ਹੋਣੇ ਚਾਹੀਦੇ ਹਨ। ਅਸੀਂ ਸੀਨੀਅਰ ਕਲਾਸਾਂ ਵਿੱਚ ਬੱਚਿਆਂ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਾਂ।
ਮਰੀਅਮ ਨੇ ਕਿਹਾ ਕਿ ਅੱਜ ਲਾਹੌਰ ਦੀ ਏਕਿਊਆਈ 1000 ਤੋਂ ਜ਼ਿਆਦਾ ਤੱਕ ਪਹੁੰਚ ਚੁੱਕਿਆ ਹੈ ਅਤੇ ਹਵਾ ਦਾ ਰੁਖ ਇਸ ਸਮੇਂ ਅੰਮ੍ਰਿਤਸਰ-ਚੰਡੀਗੜ੍ਹ ਵੱਲੋਂ ਲਾਹੌਰ ਵੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੀ ਪੂਰਵੀ ਹਵਾਵਾਂ ਦੀ ਰਫਤਾਰ ਤੇਜ ਹੈ, ਜਿਸ ਨਾਲ ਲਾਹੌਰ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। ਇਸ ਦਾ ਏਕਿਊਆਈ ਫਿਰ ਤੋਂ 1173 ਤੱਕ ਪਹੁੰਚ ਗਿਆ ਹੈ। ਜੇਕਰ ਹਵਾ ਦਾ ਰੁਖ ਪਾਕਿਸਤਾਨ ਤੋਂ ਪਾਰਤ ਵੱਲ ਹੋਵੇ ਤਾਂ ਏਕਿਊਆਈ 500 ਦੇ ਕਰੀਬ ਵੀ ਪਹੁੰਚ ਰਿਹਾ ਹੈ।