ਚੰਡੀਗੜ੍ਹ, 9 ਅਗਸਤ, ਪੰਜਾਬੀ ਦੁਨੀਆ ਬਿਊਰੋ :
ਪੈਰਿਸ ਓਲੰਪਿਕ ਵਿੱਚ ਭਾਰਤ ਲਈ ਜੈਵਲਿਨ ਥ੍ਰੋਅ ‘ਚ ਨੀਰਜ ਚੋਪੜਾ ਨੇ ਤਮਗਾ ਜਿੱਤਿਆ। ਉਸ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੇਸ਼ ਨੂੰ ਚਾਂਦੀ ਦਾ ਤਮਗਾ ਦਿਵਾਇਆ ਜਦਕਿ ਗੋਲਡ ਮੈਡਲ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜਿੱਤਿਆ। ਨਦੀਮ ਨੇ ਫਾਈਨਲ ਦੌਰਾਨ 92.97 ਮੀਟਰ ਜੈਵਲਿਨ ਸੁੱਟ ਕੇ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ।
ਨੀਰਜ ਨੇ ਫਾਈਨਲ ਮੈਚ ‘ਚ ਆਪਣੀ ਦੂਜੀ ਕੋਸ਼ਿਸ਼ ‘ਚ ਸੀਜ਼ਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ 89.45 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਿਆ। ਫਾਈਨਲ ਵਿੱਚ ਨੀਰਜ ਦਾ ਮੁੱਖ ਮੁਕਾਬਲਾ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨਾਲ ਸੀ। ਐਂਡਰਸਨ ਪੀਟਰਸ ਨੇ ਤੀਜੇ ਸਥਾਨ ‘ਤੇ ਰਹਿ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਜਿਉਂ ਹੀ ਨੀਰਜ ਨੇ ਆਪਣਾ ਦੂਜਾ ਓਲੰਪਿਕ ਤਮਗਾ ਜਿੱਤਿਆ, ਉਨ੍ਹਾਂ ਦੇ ਪਿੰਡ ਖਾਂਦਰਾ ‘ਚ ਜਸ਼ਨਾਂ ਦਾ ਦੌਰ ਸ਼ੁਰੂ ਹੋ ਗਿਆ। ਪਿੰਡ ਵਿੱਚ ਪਟਾਕੇ ਚਲਾਉਣ ਤੋਂ ਇਲਾਵਾ ਲੱਡੂ ਵੀ ਵੰਡੇ ਗਏ।