ਓਮਾਨ, 17 ਜੁਲਾਈ, ਪੰਜਾਬੀ ਦੁਨੀਆ ਬਿਊਰੋ :
ਓਮਾਨ ਦੇ ਤੱਟ ‘ਤੇ ਡੁੱਬਣ ਵਾਲੇ ਕੋਮੋਰੋਸ ਦੇ ਝੰਡੇ ਵਾਲੇ ਤੇਲ ਟੈਂਕਰ ਦੇ ਚਾਲਕ ਦਲ ਦੇ 16 ਮੈਂਬਰ ਅਜੇ ਵੀ ਲਾਪਤਾ ਹਨ, ਜਿਹਨਾਂ ਵਿੱਚ 13 ਭਾਰਤੀ ਵੀ ਸ਼ਾਮਲ ਹਨ। ਸਮੁੰਦਰੀ ਸੁਰੱਖਿਆ ਕੇਂਦਰ (ਐਮਐਸਸੀ) ਨੇ ਇਹ ਜਾਣਕਾਰੀ ਇਕ ਦਿਨ ਬਾਅਦ ਦਿੱਤੀ ਹੈ।
ਐਮਐਸਸੀ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, ਇੱਕ ਕੋਮੋਰੋਸ-ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ-ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ। ਇਸ ਵਿੱਚ ਤਿੰਨ ਸ੍ਰੀਲੰਕਾ ਦੇ ਵਸਨੀਕ ਵੀ ਸਨ।
ਦੱਸਣਯੋਗ ਹੈ ਕਿ ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਸਥਿਤ ਡੂਕਮ ਬੰਦਰਗਾਹ ਵੱਡੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਦੇ ਨਜ਼ਦੀਕ ਹੈ। ਇਨ੍ਹਾਂ ਵਿੱਚ ਇੱਕ ਪ੍ਰਮੁੱਖ ਤੇਲ ਸੋਧਕ ਕਾਰਖਾਨਾ ਸ਼ਾਮਲ ਹੈ ਜੋ ਡੂਕਮ ਦੇ ਵਿਸ਼ਾਲ ਉਦਯੋਗਿਕ ਖੇਤਰ ਦਾ ਹਿੱਸਾ ਹੈ। ਇਹ ਓਮਾਨ ਵਿਚ ਸਭ ਤੋਂ ਵੱਡਾ ਆਰਥਿਕ ਪ੍ਰੋਜੈਕਟ ਹੈ।
ਜਹਾਜ਼ ਦੀ ਪਛਾਣ ਪ੍ਰੇਸਟੀਜ ਫਾਲਕਨ ਵਜੋਂ ਹੋਈ ਹੈ। ਸ਼ਿਪਿੰਗ ਵੈੱਬਸਾਈਟ ਮੁਤਾਬਕ ਇਹ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ। ਸ਼ਿਪਿੰਗ ਡੇਟਾ ਅਨੁਸਾਰ, ਇਹ ਜਹਾਜ਼ 117 ਮੀਟਰ ਲੰਬਾ ਤੇਲ ਉਤਪਾਦ ਟੈਂਕਰ ਹੈ, ਜੋ 2007 ਵਿੱਚ ਬਣਾਇਆ ਗਿਆ ਸੀ। ਅਜਿਹੇ ਛੋਟੇ ਟੈਂਕਰ ਆਮ ਤੌਰ ‘ਤੇ ਛੋਟੀਆਂ ਤੱਟਵਰਤੀ ਯਾਤਰਾਵਾਂ ਲਈ ਵਰਤੇ ਜਾਂਦੇ ਹਨ।