* ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ 1 ਜੂਨ ਨੂੰ ਪੈਣਗੀਆਂ
* ਪਹਿਲੇ ਪੜਾਅ ਦੀ 19 ਅਪ੍ਰੈਲ ਨੂੰ ਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ

ਨਵੀਂ ਦਿੱਲੀ/ਚੰਡੀਗੜ੍ਹ, 16 ਮਾਰਚ, ਪੰਜਾਬੀ ਦੁਨੀਆ ਬਿਊਰੋ :
ਭਾਰਤੀ ਚੋਣ ਕਮਿਸ਼ਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੋਕ ਸਭਾ ਦੀਆਂ 543 ਸੀਟਾਂ ਲਈ 7 ਪੜਾਵਾਂ ਵਿੱਚ ਵੋਟਾਂ ਪੈਣਗੀਆਂ। ਇਹਨਾਂ ਚੋਣਾਂ ਦਾ ਪ੍ਰਕਿਰਿਆ ਕਰੀਬ 46 ਦਿਨ ਵਿਚ ਪੂਰੀ ਹੋਵੇਗੀ। ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ, ਜਦਕਿ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਇਹਨਾਂ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਲੋਕ ਸਭਾ ਦੇ ਨਾਲ-ਨਾਲ 4 ਰਾਜਾਂ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।
ਇਸ ਤਰ੍ਹਾਂ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਪੰਜਾਬ ਦੀਆਂ 13, ਚੰਡੀਗੜ੍ਹ ਦੀ ਇੱਕ ਸੀਟ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਉੱਤੇ 1 ਜੂਨ ਨੂੰ ਵੋਟਿੰਗ ਹੋਵੇਗੀ। ਤਿੰਨ ਥਾਵਾਂ ‘ਤੇ 7 ਮਈ ਤੋਂ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ। ਨਾਮਜ਼ਦਗੀਆਂ 14 ਮਈ ਤੱਕ ਭਰੀਆਂ ਜਾ ਸਕਦੀਆਂ ਹਨ, ਜਦਕਿ 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਹਨ।
ਅੱਜ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
