ਚੰਡੀਗੜ੍ਹ, 30 ਜੂਨ, ਪੰਜਾਬੀ ਦੁਨੀਆ ਬਿਊਰੋ:
ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕੌਮਾਂਤਰੀ ਟੀ20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਜਡੇਜਾ ਨੇ ਭਾਰਤੀ ਬੱਲੇਬਾਜ਼ਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਸੰਨਿਆਸ ਲੈਣ ਤੋ ਬਾਅਦ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਤੋਂ ਵਿਦਾ ਹੋਣ ਦੀ ਘੋਸ਼ਣਾ ਕੀਤੀ।
ਆਲਰਾਊਂਡਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਸੰਨਿਆਸ ਦੀ ਪੁਸ਼ਟੀ ਕੀਤੀ। ਜਡੇਜਾ ਨੇ ਲਿਖਿਆ, “ਧੰਨਵਾਦ, ਭਰੇ ਦਿਲ ਨਾਲ, ਮੈਂ ਟੀ-20 ਅੰਤਰਰਾਸ਼ਟਰੀ ਮੈਚਾਂ ਨੂੰ ਅਲਵਿਦਾ ਕਹਿ ਰਿਹਾ ਹਾਂ। ਇੱਕ ਅਡੋਲ ਘੋੜੇ ਦੀ ਤਰ੍ਹਾਂ ਜੋ ਮਾਣ ਨਾਲ ਦੌੜਦਾ ਹੈ, ਮੈਂ ਹਮੇਸ਼ਾ ਆਪਣੇ ਦੇਸ਼ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਹੈ ਅਤੇ ਹੋਰ ਫਾਰਮੈਟਾਂ ਵਿੱਚ ਅਜਿਹਾ ਕਰਨਾ ਜਾਰੀ ਰੱਖਾਂਗਾ। ਟੀ-20 ਵਿਸ਼ਵ ਕੱਪ ਜਿੱਤਣਾ ਇਕ ਸੁਪਨਾ ਸੀ, ਜੋ ਮੇਰੇ ਟੀ-20 ਅੰਤਰਰਾਸ਼ਟਰੀ ਕੈਰੀਅਰ ਦਾ ਸਿਖਰ ਸੀ। ਯਾਦਾਂ, ਤਾੜੀਆਂ ਅਤੇ ਅਟੁੱਟ ਸਮਰਥਨ ਲਈ ਧੰਨਵਾਦ”।
ਦੱਸਣਯੋਗ ਹੈ ਕਿ ਜਡੇਜਾ ਕਈ ਸਾਲਾਂ ਤੋਂ ਭਾਰਤੀ ਕੌਮਾਂਤਰੀ ਟੀ20 ਸੈੱਟਅੱਪ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ ਅਤੇ 2024 ਦੇ ਸੰਸਕਰਨ ਵਿੱਚ ਇੱਕ ਮੁੱਖ ਆਲ-ਰਾਉਂਡ ਭੂਮਿਕਾ ਨਿਭਾਈ ਹੈ। ਬੱਲੇ ਨਾਲ, ਜਡੇਜਾ ਨੇ ਇੰਗਲੈਂਡ ਖਿਲਾਫ ਭਾਰਤ ਦੀ ਸੈਮੀਫਾਈਨਲ ਜਿੱਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਸਿਰਫ 9 ਗੇਂਦਾਂ ਵਿੱਚ ਅਜੇਤੂ 17 ਦੌੜਾਂ ਬਣਾਈਆਂ। ਜਦੋਂ ਕਿ ਉਸਨੇ ਟੂਰਨਾਮੈਂਟ ਵਿੱਚ ਸਿਰਫ ਇੱਕ ਵਿਕਟ ਲਈ।