Breaking News

ਭਾਰਤ ਬਣਿਆ ਟੀ20 ਵਿਸ਼ਵ ਚੈਂਪੀਅਨ, ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਨੂੰ 76 ਦੌੜਾਂ ਬਣਾਉਣ ਲਈ ਮੈਨ ਆਫ ਦੀ ਮੈਚ ਐਲਾਨਿਆ, ਰਿਟਾਇਰਮੈਂਟ ਦਾ ਕੀਤਾ ਐਲਾਨ

ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਮੈਨ ਆਫ ਦੀ ਟੂਰਨਾਮੈਂਟ ਚੁਣਿਆ ਗਿਆ

ਚੰਡੀਗੜ੍ਹ, 30 ਜੂਨ, ਪੰਜਾਬੀ ਦੁਨੀਆ ਬਿਊਰੋ:

ਭਾਰਤ ਨੇ ਆਈਸੀਸੀ ਟੀ20 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਸਾਊਥ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤ ਲਿਆ ਹੈ। ਬਾਰਬਾਡੋਸ ਵਿਖੇ ਖੇਡੇ ਗਏ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ (76) ਅਤੇ ਅਕਸ਼ਰ ਪਟੇਲ (47) ਦੀਆਂ ਅਹਿਮ ਪਾਰੀਆਂ ਸਦਕਾ ਭਾਰਤ ਨੇ ਅਫਰੀਕਾ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਦਿੱਤਾ। ਅੱਜ ਰੋਹਿਤ, ਪੰਤ ਅਤੇ ਸੂਰਿਆ ਕੁਮਾਰ ਜਲਦੀ ਆਊਟ ਹੋ ਗਏ ਪਰ ਕੋਹਲੀ ਤੇ ਅਕਸ਼ਰ ਦੀ ਸਾਂਝੇਦਾਰੀ ਨੇ ਟੀਮ ਨੇ ਸਨਮਾਨਯੋਗ ਸੋਰ ‘ਤੇ ਪਹੁੰਚਾ ਦਿੱਤਾ।

ਅਫਰੀਕਾ ਵਲੋਂ ਕੀਪਰ ਡੀਕੌਕ ਅਤੇ ਕਲਾਸਿਨ ਦੀ ਬਿਹਤਰ ਬੱਲੇਬਾਜ਼ੀ ਸਦਕਾ ਮੈਚ ਵਿੱਚ ਵਾਪਸੀ ਕੀਤੀ। ਇਕ ਸਮੇਂ ਅਫਰੀਕਾ ਨੂੰ 24 ਗੇਂਦਾ ਵਿੱਚ 24 ਦੌੜਾਂ ਦੀ ਲੋੜ ਸੀ। ਇਹ ਜਾਪਦਾ ਸੀ ਕਿ ਅਫਰੀਕਾ ਇਹ ਮੈਚ ਆਰਾਮ ਨਾਲ ਜਿੱਤ ਜਾਵੇਗਾ, ਪਰ ਪਾਡਿਆ ਵਲੋਂ ਕਲਾਸਿਨ ਦੀ ਵਿਕਟ ਲੈ ਕੇ ਅਤੇ ਸੂਰਿਆ ਕੁਮਾਰ ਵਲੋਂ ਬਾਊਂਡਰੀ ‘ਤੇ ਡੇਵਿਡ ਮਿਲਰ ਦਾ ਅਦਭੁੱਤ ਕੈਚ ਫੜ ਕੇ ਮੈਚ ਦਾ ਰੁਖ ਬਦਲ ਦਿੱਤਾ। ਉਪਰੰਤ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਸਮਝਦਾਰੀ ਅਤੇ ਬੁਮਰਾਹ, ਅਰਸ਼ਦੀਪ ਅਤੇ ਪਾਂਡਿਆ ਦੀ ਅਖੀਰ ਵਿਚ ਕੀਤੀ ਜ਼ਬਰਦਸਤ ਗੇਂਦਬਾਜ਼ੀ ਸਦਕਾ ਭਾਰਤ ਦੂਜੀ ਵਾਰ ਟੀ20 ਵਿਸ਼ਵ ਕੱਪ ਚੈਂਪੀਅਨ ਬਣ ਗਿਆ ਹੈ। ਮੈਚ ਦਾ ਟਰਨਿੰਗ ਪੁਆਇੰਟ ਕਲਾਸਿਨ ਦੀ ਵਿਕਟ ਬਣੀ।

ਵਿਰਾਟ ਕੋਹਲੀ ਨੂੰ 76 ਦੌੜਾਂ ਬਣਾਉਣ ਲਈ ਮੈਨ ਆਫ ਦੀ ਮੈਚ ਐਲਾਨਿਆ ਗਿਆ। ਉਹਨਾਂ ਆਪਣੇ ਭਾਸ਼ਣ ਵਿੱਚ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਜਿੱਤ ਮੇਰੇ ਲਈ ਖ਼ਾਸ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਨਵੀਂ ਪੀੜ੍ਹੀ ਟੀਮ ਵਿਚ ਆਪਣਾ ਰੋਲ ਅਦਾ ਕਰੇ।

ਇਸ ਦੌਰਾਨ ਘਾਤਕ ਅਤੇ ਬਿਹਤਰੀਨ ਗੇਂਦਬਾਜ਼ੀ ਸਦਕਾ ਭਾਰਤੀ ਸਪੀਡਸਟਰ ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਮੈਨ ਆਫ ਦੀ ਟੂਰਨਾਮੈਂਟ ਚੁਣਿਆ ਗਿਆ।

Leave a Reply

Your email address will not be published. Required fields are marked *