ਭਾਰਤ ਨੇ ਸੁਪਰ 8 ਲਈ ਕੀਤਾ ਕੁਆਲੀਫਾਈ, ਆਸਟਰੇਲੀਆ ਨਾਲ ਮੈਚ ਹੋਣਾ ਤੈਅ
ਨਵੀਂ ਦਿੱਲੀ, 13 ਜੂਨ, ਪੰਜਾਬੀ ਦੁਨੀਆ ਬਿਊਰੋ :
ਭਾਰਤ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ ਆਪਣੇ ਟੀ-20 ਵਿਸ਼ਵ ਕੱਪ ਮੈਚ ਵਿੱਚ ਸਹਿ ਮੇਜ਼ਬਾਨ ਅਮਰੀਕਾ ਨੂੰ ਹਰਾ ਕੇ ਗਰੁੱਪ-ਏ ਵਿੱਚ ਤੀਜੀ ਜਿੱਤ ਦਰਜ ਕੀਤੀ ਹੈ ਅਤੇ ਸੁਪਰ ਅੱਠ ਵਿੱਚ ਥਾਂ ਪੱਕੀ ਕਰ ਲਈ ਹੈ। ਅਮਰੀਕਾ ਵੱਲੋਂ ਮਿੱਥੇ 111 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸੂਰਿਆ ਕੁਮਾਰ ਯਾਦਵ ਦੇ ਅਰਧ ਸੈਂਕੜੇ ਦੀ ਬਦੌਲਤ 18.2 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਉਤੇ 111 ਦੌੜਾਂ ਬਣਾ ਇਹ ਮੈਚ ਜਿੱਤ ਲਿਆ। ਟੀ20 ਦੇ ਬੈਸਟ ਬੱਲੇਬਾਜ਼ ਨੇ 49 ਗੇਂਦਾਂ ‘ਤੇ 50* ਦੌੜਾਂ ਦੀ ਅਜੇਤੂ ਪਾਰੀ ਖੇਡੀ। ਅਮਰੀਕਾ ਦੇ ਗੇਂਦਬਾਜ਼ ਸੌਰਭ ਨੇਤਰਾਵਲਕਰ ਨੇ ਦੋ ਵਿਕਟਾਂ ਲਈਆਂ।
ਸ਼ੁਰੂਆਤ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਐਸਏ ਨੇ 20 ਓਵਰਾਂ ਵਿੱਚ 110/8 ਦਾ ਸਕੋਰ ਬਣਾਇਆ, ਜਿਸ ਵਿਚ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ 23 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਲਈ ਅਰਸ਼ਦੀਪ ਸਿੰਘ ਨੇ ਤੇਜ਼ ਤਰਾਰ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਚਾਰ ਵਿਕਟਾਂ ਹਾਸਲ ਕੀਤੀਆਂ।
ਇਸ ਜਿੱਤ ਨਾਲ ਭਾਰਤ ਨੇ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਸੁਪਰ 8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ। ਅਤੇ ਭਾਰਤ 24 ਜੂਨ ਨੂੰ ਆਸਟਰੇਲੀਆ ਦਾ ਸਾਹਮਣਾ ਕਰਨ ਲਈ ਤਿਆਰ ਹੈ। ਆਈਸੀਸੀ ਵੱਲੋਂ ਰੋਹਿਤ ਸ਼ਰਮਾ ਐਂਡ ਕੰਪਨੀ ਨੂੰ ਏ1 ਦਰਜਾ ਦਿੱਤਾ ਗਿਆ ਹੈ, ਜਦਕਿ ਆਸਟਰੇਲੀਆ ਨੂੰ ਬੀ2 ਦਰਜਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ 4 ਓਵਰਾਂ ਵਿਚ 9 ਦੌੜਾਂ ਦੇ ਕੇ 4 ਵਿਕਟਾਂ ਦੇ ਸ਼ਾਨਦਾਰ ਸਪੈੱਲ ਨੇ ਯੂਐਸਏ ਨੂੰ 8 ਵਿਕਟਾਂ ‘ਤੇ 110 ਦੌੜਾਂ ਤੱਕ ਸੀਮਤ ਕਰ ਦਿੱਤਾ। ਹਾਲਾਂਕਿ, ਨਸਾਓ ਕਾਉਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਥੋੜੀ ਮੁਸ਼ਕਲ ਪਿੱਚ ‘ਤੇ ਅਮਰੀਕੀ ਟੀਚੇ ਦਾ ਪਿੱਛਾ ਕਰਨਾ ਭਾਰਤ ਲਈ ਇੰਨਾ ਆਸਾਨ ਨਹੀਂ ਸੀ। ਭਾਰਤ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ ਜਲਦੀ ਗੁਆ ਲਿਆ ਅਤੇ ਵਿਕਟਕੀਪਰ ਰਿਸ਼ਵ ਪੰਤ ਵੀ ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਵਿਸ਼ਵ ਦੇ ਚੋਟੀ ਦੇ ਰੈਂਕਿੰਗ ਵਾਲੇ ਟੀ-20 ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ 49 ਗੇਂਦਾਂ ‘ਤੇ ਅਜੇਤੂ 50 ਦੌੜਾਂ ਦੀ ਪਾਰੀ ਖੇਡੀ ਅਤੇ ਸ਼ਿਵਮ ਦੁਬੇ (ਨਾਬਾਦ 35 ਗੇਂਦਾਂ ‘ਤੇ 31 ਦੌੜਾਂ) ਨਾਲ ਮਿਲ ਕੇ ਚੌਥੀ ਵਿਕਟ ਲਈ 67 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਸਦਕਾ ਭਾਰਤ ਨੂੰ ਜਿੱਤ ਦਿਵਾਉਣ ਲਈ ਅਹਿਮ ਰੋਲ ਅਦਾ ਕੀਤਾ ਅਤੇ ਭਾਰਤ ਨੇ ਜਿੱਤ ਦਾ ਟੀਚਾ 18.2 ਓਵਰਾਂ ਵਿੱਚ ਹੀ ਪੂਰਾ ਕਰ ਲਿਆ।
ਇਸ ਮੈਚ ਦਾ ਅਹਿਮ ਮੋੜ ਅਮਰੀਕੀ ਗੇਂਦਬਾਜ਼ਾਂ ਦੁਆਰਾ ਇੱਕ ਨਵੇਂ ਬਣਾਏ ਨਿਯਮ (ਸਟਾਪ-ਕਲੌਕ) ਦੀ ਉਲੰਘਣਾ ਤੋਂ ਆਇਆ। ਜਦੋਂ ਭਾਰਤੀ ਪਾਰੀ ਦੇ 15ਵੇਂ ਓਵਰ ਤੋਂ ਬਾਅਦ, ਦੋ ਮੈਦਾਨੀ ਅੰਪਾਇਰਾਂ ਨੇ ਆਪਸੀ ਗੱਲਬਾਤ ਕਰਨ ਉਪਰੰਤ ਯੂਐਸਏ ਵੱਲੋਂ 3 ਓਵਰਾਂ ਦੇ ਵਿਚਕਾਰ 60-ਸੈਕਿੰਡ ਦੀ ਸੀਮਾ ਨੂੰ ਪਾਰ ਕਰ ਲਿਆ ਸੀ, ਜਿਸ ਦੇ ਨਤੀਜੇ ਵਜੋਂ ਪੰਜ ਦੌੜਾਂ ਦਾ ਪੈਨਲਟੀ ਮਿਲਿਆ। ਯੂਐਸਏ ਟੀਮ ਤੋਂ ਇਹ ਅਹਿਮ ਗਲਤੀ ਉਦੋਂ ਹੋਈ ਜਦੋਂ ਭਾਰਤ ਨੂੰ 30 ਗੇਂਦਾਂ ‘ਤੇ 35 ਦੌੜਾਂ ਦੀ ਲੋੜ ਸੀ, ਜਿਸ ਨਾਲ ਦਬਾਅ ਕਾਫੀ ਘੱਟ ਹੋ ਗਿਆ। ਅੰਪਾਇਰ ਪੌਲ ਰੀਫਲ ਵੱਲੋਂ ਸੰਯੁਕਤ ਰਾਜ ਅਮਰੀਕਾ ਨੂੰ ਜੁਰਮਾਨਾ ਲਾਉਣ ਦੇ ਫੈਸਲੇ ਬਾਰੇ ਉਨ੍ਹਾਂ ਦੇ ਕਪਤਾਨ ਐਰੋਨ ਜੋਨਸ ਨੂੰ ਸੂਚਿਤ ਕੀਤਾ ਗਿਆ।