ਚੰਡੀਗੜ੍ਹ, 27 ਮਈ, ਪੰਜਾਬੀ ਦੁਨੀਆ ਬਿਊਰੋ:
ਚੈਨੇਈ ਦੇ ਐਮ.ਏ. ਚਿਦੰਬਰਮ ਕ੍ਰਿਕਟ ਸਟੇਡੀਅਮ ਵਿੱਚ TATA IPL 2024 ਦਾ ਫਾਈਨਲ ਮੈਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਇਕਤਰਫਾ ਮੈਚ ਵਿੱਚ ਕੇਕੇਆਰ ਨੇ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਨਰਾਈਜ਼ਰਸ ਹੈਦਰਾਬਾਦ ਨੂੰ ਮਹਿਜ਼ 10.3 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 114 ਬਣਾ ਕੇ ਤੀਜੀ ਵਾਰ ਆਈਪੀਐਲ ਚੈਂਪੀਅਨ ਬਣਿਆ। ਜਿਸ ਵਿੱਚ ਵੈਂਕਟੇਸ਼ ਅਈਅਰ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਵਲੋਂ 91 ਦੌੜਾਂ ਦੀ ਸਾਂਝੇਦਾਰੀ ਨੇ ਅਹਿਮ ਰੋਲ ਨਿਭਾਇਆ।
ਘ ਇਸ ਮੈਚ ‘ਚ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਦੀ ਪੂਰੀ ਟੀਮ 18.3 ਓਵਰਾਂ ਵਿੱਚ 113 ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਪੈਟ ਕਮਿੰਸ ਨੇ ਸਭ ਤੋਂ ਵੱਧ 24 ਦੌੜਾਂ ਜਦਕਿ ਮਾਰਕਰਾਮ ਦੀਆਂ 20 ਦੌੜਾਂ ਸਦਕਾ ਕੇਕੇਆਰ ਅੱਗੇ ਜਿੱਤ ਲਈ 114 ਦੌੜਾਂ ਦਾ ਟੀਚਾ ਰੱਖਿਆ। ਕੇਕੇਆਰ ਟੀਮ ਦੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਹ ਟੀਚਾ ਆਸਾਨੀ ਨਾਲ ਪੂਰਾ ਕਰ ਲਿਆ। ਕੇਕੇਆਰ ਵਲੋਂ ਵੈਂਕਟੇਸ਼ ਅਈਅਰ ਨੇ 52 ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਨੇ 39 ਦੌੜਾਂ ਬਣਾਈਆਂ।
ਕੇਕੇਆਰ ਨੇ ਕੁੱਲ ਮਿਲਾ ਕੇ ਤੀਜੀ ਵਾਰ ਆਈਪੀਐਲ ਟਰਾਫੀ ਜਿੱਤੀ ਹੈ। ਇਸ ਤੋਂ ਪਹਿਲਾਂ, ਕੇਕੇਆਰ ਨੇ ਗੌਤਮ ਗੰਭੀਰ ਦੀ ਕਪਤਾਨੀ ਵਿੱਚ ਦੋ ਵਾਰ ਆਈਪੀਐਲ ਟਰਾਫੀ ਜਿੱਤੀ ਸੀ ਜਦਕਿ ਸਨਰਾਈਜ਼ਰਸ ਹੈਦਰਾਬਾਦ ਨੇ ਡੇਵਿਡ ਵਾਰਨਰ ਦੀ ਕਪਤਾਨੀ ਵਿੱਚ ਆਈਪੀਐਲ 2016 ਦਾ ਖਿਤਾਬ ਜਿੱਤਿਆ ਸੀ। ਦੱਸਣਯੋਗ ਹੈ ਕਿ ਕੋਲਕਾਤਾ ਨਾਈਟ ਰਾਈਡਰਜ਼ ਇਸ ਤੋਂ ਪਹਿਲਾਂ ਸਾਲ 2012 ਅਤੇ 2014 ਵਿੱਚ ਆਈਪੀਐਲ ਚੈਂਪੀਅਨ ਬਣੀ ਸੀ। ਕੇਕੇਆਰ ਨੇ 2012 ਵਿੱਚ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਅਤੇ 2014 ਵਿੱਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਈਪੀਐਲ ਖ਼ਿਤਾਬ ਜਿੱਤਿਆ ਸੀ। 2014 ਤੋਂ ਬਾਅਦ, ਕੇਕੇਆਰ 2021 ਵਿੱਚ ਫਾਈਨਲ ਵਿੱਚ ਪਹੁੰਚੀ, ਪਰ ਖਿਤਾਬੀ ਮੁਕਾਬਲੇ ਵਿੱਚ ਸੀਐਸਕੇ ਤੋਂ 27 ਦੌੜਾਂ ਨਾਲ ਹਾਰ ਗਈ ਸੀ। ਆਖਰਕਾਰ ਹੁਣ 10 ਸਾਲਾਂ ਬਾਅਦ, ਇਹ ਤੀਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਟਰਾਫੀ ਨੂੰ ਜਿੱਤਣ ਵਿੱਚ ਸਫਲ ਰਿਹਾ ਹੈ। ਇਸ ਨਾਲ ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿੱਚ ਤੀਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਗੇਂਦਬਾਜ਼ਾਂ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਕੇਕੇਆਰ ਲਈ ਜਿੱਤ ਦੀ ਨੀਂਹ ਰੱਖੀ। ਪਹਿਲਾਂ ਮਿਸ਼ੇਲ ਸਟਾਰਕ ਨੇ ਅਭਿਸ਼ੇਕ ਸ਼ਰਮਾ ਨੂੰ ਕਲੀਨ ਬੋਲਡ ਕੀਤਾ ਅਤੇ ਉਸ ਤੋਂ ਬਾਅਦ SRH ਦੀ ਬੱਲੇਬਾਜ਼ੀ ਦਬਾਅ ‘ਚ ਡਿੱਗ ਗਈ। ਸਟਾਰਕ ਨੇ 2 ਵਿਕਟਾਂ ਲਈਆਂ, ਜਦਕਿ ਆਂਦਰੇ ਰਸਲ ਨੇ ਵੀ ਵਗਦੀ ਗੰਗਾ ‘ਚ ਹੱਥ ਧੋ ਕੇ 3 ਵਿਕਟਾਂ ਲਈਆਂ ਜਦਕਿ ਹਰਸ਼ਿਤ ਰਾਣਾ ਨੇ ਵੀ 2 ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਇਸ ਵਾਰ ਸੁਨੀਲ ਨਰਾਇਣ ਦਾ ਬੱਲਾ ਨਹੀਂ ਚੱਲ ਸਕਿਆ, ਉੱਥੇ ਫਿਲ ਸਾਲਟ ਦੀ ਥਾਂ ਆਏ ਰਹਿਮਾਨਉੱਲ੍ਹਾ ਗੁਰਬਾਜ਼ ਨੇ 39 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਕੇਕੇਆਰ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਵੈਂਕਟੇਸ਼ ਅਈਅਰ ਨੇ ਬੱਲੇਬਾਜ਼ੀ ਕਰਦਿਆਂ ਅਜੇਤੂ 52 ਦੌੜਾਂ ਬਣਾਈਆਂ।