
ਅਹਿਮਦਾਬਾਦ ਵਿਚ ਨਿਊਜ਼ੀਲੈਂਡ ਨਾਲ ਫਾਈਨਲ ਮੁਕਾਬਲਾ 8 ਮਾਰਚ ਨੂੰ
ਮੁੰਬਈ/ਚੰਡੀਗੜ੍ਹ, 5 ਮਾਰਚ, ਪੰਜਾਬੀ ਦੁਨੀਆ ਬਿਊਰੋ :
ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ ਅਤੇ ਇੰਗਲੈਂਡ ਦਰਮਿਆਨ ਖੇਡੇ ਗਈ ਦੂਜੇ ਟੀ-20 ਸੈਮੀਫਾਈਨਲ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਟੀਮ ਨੂੰ ਇਕ ਸੰਘਰਸ਼ਪੂਰਨ ਮੈਚ ਵਿਚ 7 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਟੀ ਟੀਮ ਦਾ ਟੀ-20 ਵਿਸ਼ਵ ਕੱਪ ਟਰਾਫੀ ਲਈ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਟੀਮ ਨਾਲ 8 ਮਾਰਚ ਨੂੰ ਖੇਡਿਆ ਜਾਵੇਗਾ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੂੰ ਇਕ ਵਾਰ ਫਿਰ 42 ਗੇਂਦਾਂ ਵਿਚ 89 ਦੌੜਾਂ ਦੀ ਧਮਾਕੇਦਾਰੀ ਬੱਲੇਬਾਜ਼ੀ ਸਦਕਾ ਮੈਨ ਆਫ ਦੀ ਮੈਚ ਚੁਣਿਆ ਗਿਆ।
ਪਹਿਲਾਂ ਖੇਡਦਿਆਂ ਟੀਮ ਇੰਡੀਆ ਨੇ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਉਤੇ 253 ਦੌੜਾਂ ਬਣਾਈਆਂ।ਭਾਰਤੀ ਟੀਮ ਵਲੋਂ ਜਿੱਤ ਲਈ ਮਿੱਥੇ 254 ਦੌੜਾਂ ਦਾ ਪਿੱਛਾ ਕਰਦਿਆਂ ਇੰਗਲੈਂਡ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਅਤੇ ਇੰਗਲੈਂਡ ਟੀਮ ਨੇ ਪਾਵਰਪਲੇਅ ਦੇ 6 ਓਵਰਾਂ ਵਿਚ 64 ਦੌੜਾਂ ਉਤੇ 3 ਵਿਕਟਾਂ ਗੁਆ ਲਈਆਂ। ਇੰਗਲੈਂਡ ਟੀਮ ਵਲੋਂ ਜੈਕਿਬ ਬੈਥਲ ਨੇ 48 ਗੇਂਦਾਂ ਵਿਚ 105 ਦੌੜਾਂ ਦੀ ਯਾਦਗਾਰੀ ਪਾਰੀ ਖੇਡੀ ਅਤੇ ਉਹਨਾਂ ਟਾਮ ਬੈਟਿਨ ਨਾਲ ਮਿਲ ਕੇ 77 ਦੌੜਾਂ ਦੀ ਅਹਿਮ ਸਾਂਝੇਦਾਰੀ ਨਿਭਾਈ ਅਤੇ ਇੰਗਲੈਂਡ ਟੀਮ ਨੂੰ ਜਿੱਤ ਦੇ ਕਰੀਬ ਲੈ ਗਏ। ਅਖੀਰ ਵਿਲ ਜੈਕਸ (35) ਨੂੰ ਅਰਸ਼ਦੀਪ ਸਿੰਘ ਨੇ ਆਊਟ ਕਰਕੇ ਟੀਮ ਇੰਡੀਆ ਨੂੰ ਮੈਚ ਵਿਚ ਵਾਪਸੀ ਕਰਵਾਈ। ਉਪਰੰਤ ਬੈਥਲ ਨੇ ਸੈਮ ਕੁਰੁਨ ਨਾਲ ਮਿਲ ਕੇ 50 ਦੌੜਾਂ ਦੀ ਇਕ ਹੋਰ ਬਿਹਤਰ ਸਾਂਝੇਦਾਰੀ ਨਿਭਾਈ। ਅਖੀਰ ਬੈਥਲ ਨੂੰ ਪਾਂਡਿਆ ਵੱਲੋਂ ਰਨ-ਆਊਟ ਕਰਨ ਉਪਰੰਤ ਭਾਰਤੀ ਟੀਮ ਨੇ ਮੈਚ ਉਤੇ ਆਪਣੀ ਪਕੜ ਮਜ਼ਬੂਤ ਕਰ ਲਈ। ਆਖਰੀ ਓਵਰ ਵਿਚ ਸ਼ਿਵਮ ਦੂਬੇ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਜੋਫਰਾ ਅਰਚਰ ਨੇ 3 ਛੱਕੇ ਮਾਰ ਕੇ 19 ਦੌੜਾਂ ਬਣਾਈਆਂ, ਪਰ ਉਹ ਇੰਗਲੈਂਡ ਟੀਮ ਨੂੰ ਜਿੱਤ ਦੇ ਕਰੀਬ ਨਹੀਂ ਪਹੁੰਚਾ ਸਕੇ। ਇਸ ਤਰ੍ਹਾਂ ਇੰਗਲੈਂਡ ਟੀਮ 7 ਵਿਕਟਾਂ ਦੇ ਨੁਕਸਾਨ ਉਤੇ ਸਿਰਫ਼ 246 ਦੌੜਾਂ ਹੀ ਬਣਾ ਸਕੀ।
ਭਾਰਤ ਵੱਲੋਂ ਸਭ ਤੋਂ ਸਫਲ ਗੇਂਦਬਾਜ ਹਾਰਦਿਕ ਪਾਂਡਿਆ ਰਹੇ ਜਿਨ੍ਹਾਂ ਨੇ 4 ਓਵਰਾਂ ਵਿਚ 38 ਦੌੜਾਂ ਦੇ ਕੇ ਫਿਲ ਸਾਲਟ ਅਤੇ ਸੈਮ ਕੁਰੂਨ ਦੀਆਂ 2 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਜਸਪ੍ਰੀਤ ਬੁਮਰਾਹ, ਅਰਸ਼ਦੀਪ, ਅਕਸ਼ਰ ਪਟੇਲ ਅਤੇ ਵਰੁਣ ਚੱਕਰਵਰਤੀ ਨੇ ਕ੍ਰਮਵਾਰ 1-1 ਵਿਕਟ ਹਾਸਲ ਕੀਤੀ।

ਪਹਿਲਾਂ ਬੱਲੇਬਾਾਜ਼ੀ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਕਿਉਂਕਿ ਅਭਿਸ਼ੇਕ ਸ਼ਰਮਾ (11) ਦੌੜਾਂ ਉਤੇ ਆਊਟ ਹੋ ਗਏ। ਇਸ ਤੋਂ ਬਾਅਦ ਸੰਜੂ ਸੈਮਸਨ (89 – 4×8, 6×7) ਅਤੇ ਈਸ਼ਾਨ ਕਿਸ਼ਨ ਦੀਆਂ 18 ਗੇਂਦਾਂ ਵਿਚ 39 (4×4, 6×2) ਨੇ ਇਕ ਬਿਹਤਰੀਨ ਸਾਂਝੇਦਾਰੀ ਨਿਭਾਉਂਦਿਆਂ ਦੂਜੇ ਵਿਕਟ ਲਈ ਮਹਿਜ਼ 45 ਗੇਂਦਾਂ ਵਿਚ 97 ਦੌੜਾਂ ਜੋੜੀਆਂ ਅਤੇ ਭਾਰਤੀ ਟੀਮ ਨੂੰ 10ਵੇਂ ਓਵਰ ਵਿਚ 117 ਦੇ ਸਕੋਰ ਤੱਕ ਪਹੁੰਚਾ ਦਿੱਤਾ। ਈਸ਼ਾਨ ਦੇ ਆਊਟ ਹਣ ਉਪਰੰਤ ਸ਼ਿਵਮ ਦੂਬੇ ਨੂੰ ਪ੍ਰਮੋਟ ਕਰਦਿਆਂ ਟੀਮ ਦੀ ਜ਼ਿੰਮੇਵਾਰੀ ਸੰਭਾਲਣ ਲਈ ਮੈਦਾਨ ਵਿਚ ਭੇਜਿਆ। ਦੂਬੇ ਨੇ 25 ਗੇਂਦਾਂ ਵਿਚ 4 ਛੱਕਿਆਂ ਅਤੇ ਇਕ ਚੌਕੇ ਦੀ ਮੱਦਦ ਨਾਲ 43 ਮਹੱਤਵਪੂਰਨ ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਬਾਅਦ ਹਾਰਦਿਕ ਪਾਂਡਿਆ (27) ਅਤੇ ਤਿਲਕ ਵਰਮਾ ਨੇ (21) ਜਦਕਿ ਕਪਤਾਨ ਸੂਰਿਆ ਕੁਮਾਰ ਨੇ 11 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਇੰਡੀਆ ਦਾ ਸਕੋਰ 20 ਓਵਰਾਂ ਵਿਚ 253 ਉਤੇ ਪਹੁੰਚਾ ਦਿੱਤਾ।
ਇੰਗਲੈਂਡ ਟੀਮ ਵਲੋਂ ਸੈਮ ਕਰੁਨ ਸਭ ਤੋਂ ਸਫਲ ਗੇਂਦਬਾਜ਼ ਰਹੇ ਜਿਨ੍ਹਾਂ ਨੇ 4 ਓਵਰਾਂ ਵਿਚ 53 ਦੌੜਾਂ ਦੇ ਕੇ 4 ਅਹਿਮ ਵਿਕਟਾਂ ਹਾਸਲ ਕੀਤੀਆਂ, ਜਦਕਿ ਵਿਲ ਜੈਕਸ ਅਤੇ ਅਦਿਲ ਰਾਸ਼ਿਦ ਨੇ 4 ਓਵਰਾਂ ਵਿਚ ਕ੍ਰਮਵਾਰ 40-41 ਦੌੜਾਂ ਦੇ ਕੇ 2-2 ਵਿਕਟਾਂ ਝਟਕਾਈਆਂ।
ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਮੈਚ 7 ਦੌੜਾਂ ਨਾਲ ਜਿੱਤ ਲਿਆ ਅਤੇ ਫਾਈਨਲ ਵਿਚ ਪਚੁੰਚਣ ਵਾਲੀ ਦੂਜੀ ਟੀਮ ਬਣ ਗਈ। ਹੁਣ ਟੀਮ ਇੰਡੀਆ ਦਾ ਫਾਈਨਲ ਮੁਕਾਬਲਾ ਨਿਊਜ਼ੀਲੈਂਡ ਟੀਮ ਨਾਲ 8 ਮਾਰਚ 2026 ਨੂੰ ਅਹਿਮਦਾਬਾਦ ਦੇ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਜਾਵੇਗਾ, ਜਿਸ ਵਿਚ ਭਾਰਤੀ ਟੀਮ ਨੇ ਆਪਣੇ ਖਿਤਾਬ ਨੂੰ ਮੁੜ ਆਪਣੇ ਨਾਮ ਕਰਨ ਲਈ ਉਤਰੇਗੀ।