
ਨਵੀਂ ਦਿੱਲੀ, 22 ਫਰਵਰੀ, ਪੰਜਾਬੀ ਦੁਨੀਆ ਬਿਊਰੋ:
ਭਾਰਤੀ ਚੋਣ ਕਮਿਸ਼ਨ ਨੇ 10 ਰਾਜਾਂ ਵਿਚ ਖਾਲੀ 37 ਰਾਜ ਸਭਾ ਸੀਟਾਂ ਲਈ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 16 ਮਾਰਚ 2026 ਨੂੰ ਹੋਣਗੀਆਂ। ਇਹਨਾਂ ਰਾਜਾਂ ਵਿੱਚ ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਬਿਹਾਰ ਦੀਆਂ ਸੀਟਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਇਹ ਸੀਟਾਂ ਅਪ੍ਰੈਲ ਵਿਚ ਵੱਖ-ਵੱਖ ਮਿਤੀਆਂ ‘ਤੇ ਖ਼ਤਮ ਹੋ ਰਹੀਆਂ ਹਨ। ਖਾਲੀ ਹੋਈਆਂ 37 ਸੀਟਾਂ ਵਿੱਚੋਂ 12 ਐਨਡੀਏ ਕੋਲ ਹਨ, ਜਦਕਿ 25 ਵਿਰੋਧੀ ਧਿਰ ਕੋਲ ਹਨ।
ਸਭ ਤੋਂ ਵੱਧ ਚੋਣਾਂ ਮਹਾਰਾਸ਼ਟਰ (7), ਤਾਮਿਲਨਾਡੂ (6) ਅਤੇ ਪੱਛਮੀ ਬੰਗਾਲ ਅਤੇ ਬਿਹਾਰ (5-5) ਵਿੱਚ ਹੋਣਗੀਆਂ। ਸ਼ਰਦ ਪਵਾਰ, ਰਾਮਦਾਸ ਅਠਾਵਲੇ, ਕਨੀਮੋਝੀ, ਤਿਰੂਚੀ ਸਿਵਾ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਦਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ। ਵੋਟਿੰਗ 16 ਮਾਰਚ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ 5:00 ਵਜੇ ਹੋਵੇਗੀ।