
ਭਾਰਤ ਪੰਜ ਮੈਚਾਂ ਦੀ ਸੀਰੀਜ਼ ਵਿੱਚ 3-0 ਨਾਲ ਅੱਗੇ
ਅਭਿਸ਼ੇਕ ਸ਼ਰਮਾ ਅਤੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਬਣਾਏ ਤੇਜ਼ਤਰਾਰ ਅਰਧ ਸੈਂਕੜੇ
ਗੁਹਾਟੀ, 25 ਜਨਵਰੀ, ਪੰਜਾਬੀ ਦੁਨੀਆ ਬਿਊਰੋ:
ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਗੁਹਾਟੀ ਵਿਖੇ ਖੇਡੇ ਗਏ ਤੀਜੇ ਟੀ20 ਅੰਤਰਰਾਸ਼ਟਰੀ ਮੈਚ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਟੀ20 ਸੀਰੀਜ਼ ਵਿੱਚ 3-0 ਦੀ ਅਜੇਤੂ ਬੜਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਖੇਤਰਾਂ ਵਿੱਚ ਕਮਾਲ ਦਾ ਖੇਡ ਦਿਖਾਉਂਦਿਆਂ ਨਿਊਜ਼ੀਲੈਂਡ ਨੂੰ ਪੂਰੀ ਤਰ੍ਹਾਂ ਬੈਕਫੁੱਟ ‘ਤੇ ਧਕੇਲ ਦਿੱਤਾ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਅੱਗੇ ਬੇਵੱਸ ਨਜ਼ਰ ਆਈ। ਭਾਰਤ ਦੇ ਤੇਜ਼ ਅਤੇ ਸਪਿਨ ਗੇਂਦਬਾਜ਼ੀ ਹਮਲੇ ਨੇ ਮਹਿਮਾਨ ਟੀਮ ਨੂੰ 20 ਓਵਰਾਂ ਵਿੱਚ ਸਿਰਫ਼ 153 ਦੌੜਾਂ ‘ਤੇ ਹੀ ਸਮੇਟ ਦਿੱਤਾ। ਨਿਊਜ਼ੀਲੈਂਡ ਦੇ ਬੱਲੇਬਾਜ਼ ਸ਼ੁਰੂ ਤੋਂ ਹੀ ਦਬਾਅ ਵਿੱਚ ਰਹੇ ਅਤੇ ਗਲੈਨ ਫਲਿਪਿਸ (48) ਤੋਂ ਇਲਾਵਾ ਹੋਰ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸਿਰਫ਼ 17 ਦੌੜਾਂ ਦੇ ਕੇ 3 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਬਿਹਤਰ ਗੇਂਦਬਾਜ਼ੀ ਨੇ ਮੈਚ ਦੀ ਦਿਸ਼ਾ ਹੀ ਬਦਲ ਦਿੱਤੀ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਜਸਪ੍ਰੀਤ ਬੁਮਰਾਹ ਨੂੰ ‘ਮੈਨ ਆਫ਼ ਦ ਮੈਚ’ ਘੋਸ਼ਿਤ ਕੀਤਾ ਗਿਆ।
ਨਿਊਜ਼ੀਲੈਂਡ ਵੱਲੋਂ ਮਿੱਥੇ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਆਕਰਮਕ ਰਵੱਈਆ ਅਪਣਾਇਆ। ਭਾਰਤ ਨੇ ਕੇਵਲ 10 ਓਵਰਾਂ ਵਿੱਚ 155 ਦੌੜਾਂ ਬਣਾ ਕੇ ਮੈਚ ਆਸਾਨੀ ਨਾਲ ਆਪਣੇ ਨਾਮ ਕਰ ਲਿਆ।
ਪਹਿਲੀ ਵਿਕਟ ਸੰਜੂ ਸੈਮਸਨ ਦੇ ਰੂਪ ਵਿੱਚ ਜ਼ੀਰੋ ਤੇ ਡਿਗਣ ਤੋਂ ਬਾਅਦ, ਇਸ਼ਾਨ ਕਿਸ਼ਨ ਨੇ ਬੱਲੇ ਨਾਲ ਕਹਿਰ ਬਰਸਾਉਦਿਆਂ 5 ਗੇਂਦਾਂ ਵਿੱਚ 16 ਦੌੜਾ ਬਣਾ ਲਈਆਂ। ਦੂਜੇ ਓਵਰ ਵਿੱਚ ਹੀ ਕਿਸ਼ਨ ਨੇ ਅਭਿਸ਼ੇਕ ਦਾ ਮਿਲ ਕੇ 16 ਦੌੜਾ ਹੋਰ ਬਣਾ ਲਈਆਂ। ਪਰ ਚੌਥਾ ਓਵਰ ਸ਼ੁਰੂ ਹੁੰਦਿਆਂ ਹੀ ਇਸ਼ਾਨ ਕਿਸ਼ਨ 13 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਈਸ਼ ਸੋਢੀ ਦੇ ਸ਼ਿਕਾਰ ਬਣੇ। ਇਸ ਤੋਂ ਬਾਅਦ ਤੀਜੇ ਵਿਕਟ ਲਈ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਸੂਰਿਆ ਕੁਮਾਰ ਯਾਦਵ ਵਿਚਾਲੇ 102 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਨਿਭਾਈ, ਜਿਸ ਨੇ ਨਿਊਜ਼ੀਲੈਂਡ ਦੀ ਬਚੀ ਖੁਚੀ ਗਈ ਉਮੀਦ ਨੂੰ ਵੀ ਖਤਮ ਕਰ ਦਿੱਤਾ।
ਅਭਿਸ਼ੇਕ ਸ਼ਰਮਾ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਸਿਰਫ਼ 20 ਗੇਂਦਾਂ ਵਿੱਚ 68 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 14 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਭਾਰਤ ਲਈ ਹੁਣ ਤੱਕ ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਦਾ ਰਿਕਾਰਡ ਆਪਣੇ ਨਾਮ ਕੀਤਾ। ਉਨ੍ਹਾਂ ਦੀ ਬੱਲੇਬਾਜ਼ੀ ਵਿੱਚ ਭਰਪੂਰ ਆਤਮਵਿਸ਼ਵਾਸ ਅਤੇ ਆਕਰਮਕਤਾ ਨਜ਼ਰ ਆਈ।
ਦੂਜੇ ਪਾਸੇ, ਕਪਤਾਨ ਸੂਰਿਆ ਕੁਮਾਰ ਯਾਦਵ ਨੇ ਵੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਲਗਾਤਾਰ ਦੂਜਾ ਸੈਂਕੜਾ ਠੋਕਿਆ। ਉਨ੍ਹਾਂ ਦੀ ਸੰਭਾਲੀ ਹੋਈ ਪਰ ਆਕਰਮਕ ਪਾਰੀ ਨੇ ਟੀਮ ਨੂੰ ਆਸਾਨ ਜਿੱਤ ਤੱਕ ਪਹੁੰਚਾਇਆ।
ਭਾਰਤ ਦੇ ਇਸ ਸਰਵਪੱਖੀ ਪ੍ਰਦਰਸ਼ਨ ਨਾਲ ਸਾਫ਼ ਹੋ ਗਿਆ ਹੈ ਕਿ ਟੀਮ ਸ਼ਾਨਦਾਰ ਲੈਹ ਵਿੱਚ ਹੈ ਅਤੇ ਆਉਣ ਵਾਲੇ ਮੈਚਾਂ ਵਿੱਚ ਵੀ ਸੀਰੀਜ਼ ‘ਤੇ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।