
ਲਗਾਤਾਰ ਦੋ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਬਣਾਈ ਜਗ੍ਹਾ
ਮੇਜ਼ਬਾਨ ਪਾਕਿਸਤਾਨ ਟੀਮ ਚੈਂਪੀਅਨ ਟਰਾਫੀ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣੀ
ਚੰਡੀਗੜ੍ਹ, 23 ਫਰਵਰੀ, ਪੰਜਾਬੀ ਦੁਨੀਆ ਬਿਊਰੋ :
ਵਿਰਾਟ ਕੋਹਲੀ ਨੇ ਆਪਣੀ ਫਾਰਮ ਵਿਚ ਵਾਪਸ ਆਉਂਦਿਆਂ ਭਾਰਤ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਆਪਣੇ ਨਾਬਾਦ ਸੈਂਕੜੇ (100) ਸਦਕਾ ਮਹੱਤਵਪੂਰਨ ਜਿੱਤ ਦਿਵਾਈ ਹੈ। ਕੋਹਲੀ ਦੇ ਸੈਂਕੜੇ ਸਦਕਾ ਭਾਰਤ ਨੇ 242 ਦੌੜਾਂ ਦੇ ਮਿੱਥੇ ਟੀਚੇ ਨੂੰ ਮਹਿਜ਼ 42.3 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਉਤੇ 244 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਹੁਣ ਭਾਰਤ ਨੇ ਦੋ ਮੈਚਾਂ ਤੋਂ 4 ਅੰਕ ਹਾਸਲ ਕਰ ਲਏ ਹਨ ਅਤੇ ਲਗਾਤਾਰ ਦੋ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ।
ਮੈਚ ਵਿੱਚ ਵਿਰਾਟ ਕੋਹਲੀ ਤੋਂ ਇਲਾਵਾ ਸ਼੍ਰੇਅਸ ਅਈਅਰ (56), ਸ਼ੁਭਮਨ ਗਿੱਲ (46) ਅਤੇ ਰੋਹਿਤ ਸ਼ਰਮਾ (20) ਦਾ ਇਸ ਜਿੱਤ ਵਿਚ ਅਹਿਮ ਯੋਗਦਾਨ ਰਿਹਾ। ਇਸ ਦੌਰਾਨ ਵਿਰਾਟ ਕੋਹਲੀ ਨੇ ਆਪਣੇ ਕੈਰੀਅਰ ਦਾ 51ਵਾਂ ਸੈਂਕੜਾ ਵੀ ਬਣਾਇਆ।
ਭਾਰਤ ਦੀ ਪਹਿਲੀ ਵਿਕਟ ਕਪਤਾਨ ਰੋਹਿਤ ਸ਼ਰਮਾ (20) ਦੇ ਰੂਪ ਵਿਚ 31 ਦੇ ਸਕੋਰ ਉਤੇ ਡਿੱਗੀ। ਉਪਰੰਤ ਕੋਹਲੀ ਨੇ ਗਿੱਲ ਨਾਲ ਮਿਲ ਕੇ 69 ਦੌੜਾਂ ਜੋੜੀਆਂ ਅਤੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਮਿਲ ਕੇ 17.3 ਓਵਰਾਂ ਵਿਚ ਭਾਰਤੀ ਸਕੋਰ ਨੂੰ 100 ਉਤੇ ਪਹੁੰਚਾ ਦਿੱਤਾ। ਗਿੱਲ (46) ਦੇ ਸਕੋਰ ਉਤੇ ਪਾਕਿ ਸਪਿਨਰ ਅਬਰਾਰ ਦੇ ਸ਼ਿਕਾਰ ਬਣੇ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਮੈਦਾਨ ਵਿਚ ਉਤਰੇ ਅਤੇ ਉਹਨਾਂ ਬਾਖੂਬੀ ਕੋਹਲੀ ਦੇ ਸਾਥ ਨਿਭਾਉਂਦਿਆਂ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਕੋਹਲੀ ਨਾਲ 114 ਦੌੜਾਂ ਸ਼ਾਨਦਾਰ ਸਾਂਝੇਦਾਰੀ ਨਿਭਾਈ ਅਤੇ ਭਾਰਤੀ ਜਿੱਤ ਨੂੰ ਯਕੀਨੀ ਬਣਾ ਦਿੱਤਾ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ ਨੇ 49.4 ਓਵਰਾਂ ਵਿਚ ਸਿਰਫ਼ 241 ਦੌੜਾਂ ਉਤੇ ਹੀ ਢੇਰ ਹੋ ਗਈ। ਪਾਕਿ ਟੀਮ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਹੋਈ, ਪਾਕਿ ਟੀਮ ਵਲੋਂ ਸਭ ਤੋਂ ਵੱਧ ਸੌਦ ਸ਼ਕੀਲ ਨੇ 62 ਦੌੜਾਂ ਦਾ ਯੋਗਦਾਨ ਪਾਇਆ ਅਤੇ ਉਸ ਨੂੰ ਹਾਰਦਿਕ ਪਾਂਡਿਆ ਨੇ ਆਊਟ ਕੀਤਾ। ਸ਼ਕੀਲ ਅਤੇ ਰਿਜ਼ਵਾਨ ਨੇ 104 ਦੌੜਾਂ ਦੀ ਵਧੀਆ ਸਾਂਝੇਦਾਰੀ ਨਿਭਾਈ। ਕਪਤਾਨ ਰਿਜ਼ਵਾਨ 77 ਗੇਂਦਾਂ ਉਤੇ ਸਿਰਫ਼ 46 ਦੌੜਾਂ ਹੀ ਬਣਾ ਕੇ ਸਕੇ ਅਤੇ ਉਸ ਨੂੰ ਅਕਸ਼ਰ ਪਟੇਲ ਨੇ ਬੋਲਡ ਆਊਟ ਕੀਤਾ। ਉਪਰੰਤ ਪਾਕਿਸਤਾਨ ਦੀ ਪਾਰੀ ਲੜਖੜਾ ਗਈ ਅਤੇ ਇਕ ਸਮੇਂ ਉਸਦੇ 165 ਦੌੜਾਂ ਉਤੇ 5 ਖਿਡਾਰੀ ਆਊਟ ਹੋ ਗਏ। ਇਸ ਦੌਰਾਨ ਸਪਿਨਰ ਕੁਲਦੀਪ ਯਾਦਵ ਨੇ ਸਲਮਾਨ ਆਗਾ, ਸ਼ਾਹੀਨ ਅਫਰੀਦੀ ਅਤੇ ਨਸੀਮ ਸ਼ਾਹ ਨੂੰ ਆਊਟ ਕਰਕੇ ਪਾਕਿ ਟੀਮ ਨੂੰ ਢਹਿਢੇਰੀ ਕਰ ਦਿੱਤਾ। ਅਖੀਰ ਵਿਚ ਖੁਸ਼ਦਿਲ ਸ਼ਾਹ ਦੀਆਂ (38) ਦੌੜਾਂ ਦੀ ਬਦੌਲਤ ਹੀ ਪਾਕਿ ਦਾ ਸਕੋਰ 241 ਉਤੇ ਪਹੁੰਚ ਸਕਿਆ। ਉਸ ਨੂੰ ਹਰਸ਼ਿਤ ਰਾਣਾ ਨੇ ਕੈਚ ਆਊਟ ਕਰਵਾਇਆ ਅਤੇ ਇਸ ਤਰ੍ਹਾਂ ਪਾਕਿਸਤਾਨ ਦੀ ਪੂਰੀ ਟੀਮ 49.4 ਓਵਰਾਂ ਵਿਚ ਆਲਆਊਟ ਹੋ ਗਈ। ਇਸ ਹਾਰ ਨਾਲ ਮੇਜ਼ਬਾਨ ਪਾਕਿਸਤਾਨ ਕ੍ਰਿਕਟ ਟੀਮ ਲਗਭਗ ਚੈਂਪੀਅਨ ਟਰਾਫੀ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਭਾਰਤ ਵੱਲੋਂ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਕੁਲਦੀਪ ਯਾਦਵ ਨੇ 3, ਹਾਰਦਿਕ ਪਾਂਡਿਆ 2 ਅਤੇ ਹਰਸ਼ਿਤ ਰਾਣਾ, ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੇ ਕ੍ਰਮਵਾਰ 1-1 ਵਿਕਟ ਹਾਸਲ ਕੀਤੀ।