ਜੌਰਜਟਾਊਨ, 8 ਜੂਨ, ਪੰਜਾਬੀ ਦੁਨੀਆ ਬਿਊਰੋ:
ਕਪਤਾਨ ਰਾਸ਼ਿਦ ਖਾਨ ਅਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਫਜ਼ਲਹੱਕ ਫਾਰੂਕੀ ਦੀਆਂ 4-4 ਵਿਕਟਾਂ ਸਦਕਾ ਅਫਗਾਨਿਸਤਾਨ ਨੇ ਇੱਥੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਗਰੁੱਪ-ਸੀ ਮੁਕਾਬਲੇ ਵਿੱਚ ਖਿਤਾਬ ਦੇ ਦਾਅਵੇਦਾਰਾਂ ਵਿੱਚੋਂ ਇਕ ਅਹਿਮ ਟੀਮ ਸਮਝੀ ਜਾਂਦੀ ਨਿਊਜ਼ੀਲੈਂਡ ਟੀਮ ਨੂੰ 84 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ।
ਅਫਗਾਨਿਸਤਾਨ ਵਲੋਂ ਪ੍ਰੋਵੀਡੈਂਸ ਸਟੇਡੀਅਮ ਵਿੱਚ ਮਿੱਥੇ 160 ਦੌੜਾਂ ਦੇ ਇੱਕ ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ T20 WC 2021 ਦੀ ਉਪ ਜੇਤੂ ਨਿਊਜ਼ੀਲੈਂਡ ਟੀਮ ਸਿਰਫ 15.2 ਓਵਰਾਂ ਵਿੱਚ 75 ਦੌੜਾਂ ਬਣਾ ਕੇ ਢਹਿ-ਢੇਰੀ ਹੋ ਗਈ। ਸਿਰਫ ਗਲੇਨ ਫਿਲਿਪਸ (18) ਅਤੇ ਮੈਟ ਹੈਨਰੀ (12) ਹੀ ਦੋਹਰੇ ਅੰਕਾਂ ਵਿਚ ਪੁੱਜ ਸਕੇ।
ਅਫਗਾਨਿਸਤਾਨ ਵਲੋਂ ਫਾਰੂਕੀ ਅਤੇ ਰਾਸ਼ਿਦ ਖਾਨ ਨੇ ਘਾਤਕ ਗੇਂਦਬਾਜ਼ੀ ਕਰਦਿਆਂ 17-17 ਦੌੜਾਂ ਦੇ ਕੇ ਕ੍ਰਮਵਾਰ 4-4 ਵਿਕਟਾਂ ਹਾਸਲ ਕੀਤੀਆਂ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਕਟਕੀਪਰ-ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ ਅਫਗਾਨਿਸਤਾਨ ਲਈ 56 ਗੇਂਦਾਂ ਵਿੱਚ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਮੈਨ ਆਫ ਦੀ ਮੈਚ ਐਲਾਨੇ ਗਏ। ਸਲਾਮੀ ਬੱਲੇਬਾਜ਼ ਨੇ ਇਬਰਾਹਿਮ ਜ਼ਾਦਰਾਨ (41 ਗੇਂਦਾਂ 44; 2×6, 3×4) ਦੇ ਨਾਲ ਮਿਲ ਕੇ 14.3 ਓਵਰਾਂ ਵਿੱਚ ਪਹਿਲੀ ਵਿਕਟ ਲਈ 103 ਦੌੜਾਂ ਦੀ ਸਾਂਝੇਦਾਰੀ ਕੀਤੀ।
ਨਿਊਜ਼ੀਲੈਂਡ ਗੇਂਦਬਾਜ਼ ਟ੍ਰੇਂਟ ਬੋਲਟ (2/22) ਅਤੇ ਮੈਟ ਹੈਨਰੀ (2/37) ਨੇ ਉਨ੍ਹਾਂ ਨੂੰ 6 ਵਿਕਟਾਂ ‘ਤੇ 159 ਦੌੜਾਂ ‘ਤੇ ਰੋਕ ਦਿੱਤਾ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਯੂਗਾਂਡਾ ਦੇ ਖਿਲਾਫ ਜਿੱਤ ਨਾਲ ਕੀਤੀ ਅਤੇ ਫਿਰ ਜਾਰਜਟਾਊਨ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਇੱਕ ਹੋਰ ਵੱਡੀ ਜਿੱਤ ਦਰਜ ਕੀਤੀ ਹੈ।