ਅਮਰੀਕੀ ਕਪਤਾਨ ਮੋਨਾਂਕ ਪਟੇਲ ਨੇ 50 ਦੌੜਾਂ ਦੀ ਖੇਡੀ ਕਪਤਾਨੀ ਪਾਰੀ
ਚੰਡੀਗੜ੍ਹ, 7 ਜੂਨ, ਪੰਜਾਬੀ ਦੁਨੀਆ ਬਿਊਰੋ :
ਆਈਸੀਸੀ ਟੀ20 ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸ਼ਾਇਦ ਅਜਿਹਾ ਵੱਡਾ ਉਲਟਫੇਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਵੀਰਵਾਰ ਨੂੰ ਗਰੁੱਪ-ਏ ਦੇ ਡਾਲਾਸ ਵਿਖੇ ਖੇਡੇ ਗਏ ਇੱਕ ਰੋਮਾਂਚਿਕ ਮੁਕਾਬਲੇ ਵਿੱਚ ਅਮਰੀਕਾ ਦੀ ਕ੍ਰਿਕਟ ਟੀਮ ਨੇ 2009 ਦੀ ਟੀ20 ਵਿਸ਼ਵ ਚੈਂਪੀਅਨ ਰਹੀ ਪਾਕਿਸਤਾਨ ਟੀਮ ਨੂੰ ਹਰਾ ਕੇ ਸਨਸਨੀ ਫੈਲਾ ਦਿੱਤੀ।
ਅਮਰੀਕੀ ਕਪਤਾਨ ਮੋਨਾਂਕ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਕਾਫੀ ਹੱਦ ਤੱਕ ਸਫਲ ਵੀ ਰਿਹਾ ਹੈ। ਪਾਕਿਸਤਾਨ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਪਹਿਲੇ 5 ਓਪਰਾਂ ਦੇ ਵਿਚ ਹੀ ਉਸ ਦੇ 26 ਦੌੜਾਂ ਉਤੇ ਤਿੰਨ ਚੋਟੀ ਦੇ ਖਿਡਾਰੀ ਆਊਟ ਹੋ ਗਏ। ਇਸ ਉਪਰੰਤ ਕਪਤਾਨ ਬਾਬਰ ਆਜ਼ਮ (44) ਤੇ ਸ਼ਾਦਾਬ ਹੁਸੈਨ (40) ਨੇ ਪਾਰੀ ਨੂੰ ਸੰਭਾਲਦਿਆਂ ਪਾਕਿ ਦਾ ਸਕੋਰ 98 ਉਤੇ ਪਹੁੰਚਾ ਦਿੱਤਾ। ਸ਼ਾਦਾਬ ਦੇ ਆਊਟ ਹੋਣ ਉਪਰੰਤ ਇਫਤਿਖਾਰ ਅਹਿਮਦ (18) ਅਤੇ ਸ਼ਾਹੀਨ ਅਫਰੀਦੀ (28) ਨੇ ਪਾਕਿਸਤਾਨ ਦੇ ਸਕੋਰ ਨੂੰ ਸਨਮਾਨਯੋਗ ਸਥਿਤੀ ਵਿਚ ਪਹੁੰਚਾਇਆ ਅਤੇ ਪਾਕਿਸਤਾਨ ਟੀਮ, ਅਮਰੀਕੀ ਗੇਂਦਬਾਜ਼ੀ ਦੀ ਵਧੀਆ ਗੇਂਦਬਾਜ਼ੀ ਅਤੇ ਬਿਹਤਰ ਫੀਲਡਿੰਗ ਸਦਕਾ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਉਤੇ ਮਹਿਜ਼ 159 ਦੌੜਾਂ ਹੀ ਬਣਾ ਸਕੀ।
ਪਾਕਿਸਤਾਨ ਵੱਲੋਂ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਅਮਰੀਕਾ ਦੀ ਓਪਨਿੰਗ ਜੋੜੀ ਕਪਤਾਨ ਮੋਨਾਂਕ ਪਟੇਲ ਅਤੇ ਸਟੀਵਨ ਸਟੈਲਰ ਨੇ ਪਹਿਲੇ ਵਿਕਟ ਲਈ 36 ਦੌੜਾਂ ਬਣਾਈਆਂ। ਉਪਰੰਤ ਕਪਤਾਨ ਪਟੇਲ ਨੇ ਐਂਡਰੀਜ਼ ਗੌਸ ਨਾਲ ਮਿਲ ਕੇ ਦੂਜੀ ਵਿਕਟ ਲਈ ਮਹੱਤਵਪੂਰਨ 68 ਦੌੜਾਂ ਜੋੜੀਆਂ ਅਤੇ ਸਕੋਰ 104 ਉਤੇ 2 ਵਿਕਟਾਂ ਉਤੇ ਪਹੁੰਚਾ ਦਿੱਤਾ। ਅਖ਼ੀਰ ਕਪਤਾਨ ਮਨਾਂਕ ਪਟੇਲ ਦੇ ਅਰਧ ਸੈਂਕੜੇ ਅਤੇ ਐਰਨ ਜੋਨਜ਼ ਦੀਆਂ 36 ਦੌੜਾਂ ਸਦਕਾ ਅਮਰੀਕਨ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ ਉਤੇ 159 ਦੌੜਾਂ ਬਣਾ ਕੇ ਮੈਚ ਨੂੰ ਫੈਸਲੇ ਲਈ ਸੁਪਰ ਓਵਰ ਤੱਕ ਲੈ ਆਂਦਾ।
ਅਖੀਰ ਵਿੱਚ ਸੁਪਰ ਓਵਰ ਵਿਚ ਅਮਰੀਕਾ ਲਈ ਜਿੱਤ ਦੇ ਹੀਰੋ ਰਹੇ ਮੁੰਬਈ ਵਿੱਚ ਜਨਮੇ ਸੌਰਭ ਨੇਤਰਾਵਲਕਰ ਨੇ ਸ਼ਾਨਦਾਰ ਗੇਂਦਬਾਜ਼ੀ ਸਦਕਾ 18 ਦੌੜਾਂ ਦਾ ਬਚਾਅ ਕਰਦਿਆਂ ਪਾਕਿਸਤਾਨ ਦੇ ਖਿਡਾਰੀਆਂ ਨੂੰ 13 ਦੌੜਾਂ ਉਤੇ ਸੀਮਤ ਕਰ ਦਿੱਤਾ ਅਤੇ ਅਮਰੀਕਨ ਟੀਮ ਲਈ ਇਕ ਇਤਿਹਾਸਕ ਜਿੱਤ ਦਰਜ ਕੀਤੀ।