ਸ੍ਰੀ ਆਨੰਦਪੁਰ ਸਾਹਿਬ, 21 ਮਾਰਚ, ਪੰਜਾਬੀ ਦੁਨੀਆ ਬਿਊਰੋ:
ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜਾ ਹੋਲਾ ਮਹੱਲਾ ਜੋੜ ਮੇਲਾ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਦੀ ਚੋਟ, ਖਾਲਸਾਈ ਜਾਹੋ ਜਾਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੰਚ ਸੰਚਾਲਕ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਆਦਿ ਬੁਲਾਰਿਆਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਅਤੇ ਖਾਲਸਾ ਪੰਥ ਨੂੰ ਹੋਲਾ ਮਹੱਲਾ ਦੀ ਵਧਾਈ ਦਿੰਦਿਆਂ ਜੋੜ ਮੇਲੇ ਦੀ ਸ਼ੁਰੂਆਤ ਕੀਤੀ। ਉਪਰੰਤ ਹੋਲਾ ਮਹੱਲਾ ਸ਼ਾਂਤੀਪੂਰਵਕ ਨਾਲ ਨੇਪਰੇ ਚੜਨ ਲਈ ਅਰਦਾਸ ਕੀਤੀ ਗਈ ।
ਇਸ ਮੌਕੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਵਧੀਕ ਮੈਨੇਜਰ ਹਰਦੇਵ ਸਿੰਘ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਤੀਰਥ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਤੱਪ ਅਸਥਾਨ ਭਾਈ ਜੈਤਾ ਜੀ, ਭਾਈ ਤਰਲੋਚਨ ਸਿੰਘ ਰੁੜਕਾ ਖੁਰਦ, ਟਹਿਲ ਸੇਵਾ ਲਹਿਰ ਦੇ ਭਾਈ ਗੁਰਪ੍ਰੀਤ ਸਿੰਘ, ਕਿਸ਼ੋਰ ਸਿੰਘ ਬੰਗੜ, ਭਾਈ ਧਰਮਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ।